ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੱਪ


ਕੱਪ ਹੱਥੋਂ ਡਿੱਗਿਆ
ਪੌੜੀਆਂ ਉਤਰਿਆ
ਚੀਣਾ ਚੀਣਾ ਹੋਇਆ
ਘਰ ਵਿੱਚ ਖਿੱਲਰਿਆ

ਜਾਂਦਿਆਂ ਜਾਂਦਿਆ ਕੱਪ ਨੇ
ਸਾਰੇ ਘਰ ਨੂੰ ਛੋਹ ਕੇ
ਲਈ ਵਿਦਾ


ਇੱਕ ਕੰਕਰ ਮੇਰੇ ਪੈਰੀਂ ਚੁੱਭਾ
ਲਹੂ ਵਗਿਆ
ਕੱਪ 'ਚੋਂ ਪੀਤੇ ਜਲ ਨੇ
ਪਿੰਡਿਓਂ ਬਾਹਰ ਆ
ਕੱਪ ਨੂੰ ਛੋਹ ਕੇ ਦਿੱਤੀ ਵਿਦਾ

ਕੰਕਰ ਚੁਗਣ ਲਈ ਘਰ ਹੂੰਝਿਆ
ਦਰੀ ਰਜਾਈ ਝਾੜੀ ਜਾਲਾ ਪੂੰਝਿਆ
ਖਿੱਲਰੀਆਂ ਚੀਜ਼ਾਂ
ਥਾਂ ਸਿਰ ਰੱਖੀਆਂ
ਘਰ ਪੁਰਾਣਾ
ਟੁੱਟੇ ਕੱਪ ਨਵਾਂ ਕਰ ਦਿੱਤਾ

ਕੰਕਰ ਚੁਗਦੇ ਹੋਏ
ਅਲਮਾਰੀ ਪਿੱਛੋਂ ਲੱਭੀ
ਗੇਂਦ ਗੁਆਚੀ
ਕਲ੍ਹ ਦਾ ਉਦਾਸ ਮੇਰਾ ਬੱਚਾ
ਖਿੜਖਿੜ ਹੱਸਿਆ

ਇਉਂ ਜਾਪਿਆ ਜਿਵੇਂ ਉਹ
ਹਾਸੇ ਭਰਿਆ ਕੱਪ ਹੈ
ਟੁੱਟ ਕੇ ਮੁੜ ਜੁੜਿਆ ਹੈ
ਹੁਣ ਘਰ ਵਿੱਚ ਤੁਰਿਆ ਫਿਰਦਾ ਹੈ...

(48)