ਗੋਬਿੰਦ
ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ ਨਿੱਕੀ ਜਿਹੀ ਤਸਵੀਰ ਟੰਗੀ ਵੇਖੀ: "ਕਵੀ ਗੁਰੂ ਗੋਬਿੰਦ ਸਿੰਘ"।
ਪਿੱਠ ਭੂਮੀ ਹਨੇਰੀ, ਗੁਰੂ ਹੱਥ ਕਲਮ, ਚਿਹਰੇ ਸ਼ਬਦ ਚਾਨਣ, ਅੱਖਾਂ ਕੋਮਲ ਤਰਲ- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ। ਏਸ ਲਈ ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ। ਏਸ ਲਈ ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ। ਏਸ ਲਈ ਕਿ- ਅਸੀਂ ਬਣਨ ਨਹੀਂ ਦੇਂਦੇ। ਸਾਡੀ ਸੰਸਕਾਰੀ ਅੱਖ ਵਿਚ ਗੁਰੂ ਗੋਬਿੰਦ ਦੀ ਤਸਵੀਰ ਏਦਾਂ ਹੈ: ਤਣਿਆ ਚਿਹਰਾ, ਸਿੱਧੀ ਧੌਣ, ਭੱਥੇ ਤੀਰ, ਗਲ ਮੋਤੀ, ਸ਼ਾਹੀ ਲਿਬਾਸ, ਮੋਢੇ ਬਾਜ਼, ਹੱਥ ਕਿਰਪਾਨ, ਹੇਠਾਂ ਘੋੜਾ, ਆਲ ਦੁਆਲੇ ਸੰਗਤ, ਪਿੱਛੇ ਫੌਜ, ਅੱਗੇ ਮੌਤ...
ਸਿੰਘ, ਸਹਿਜਧਾਰੀ, ਫੌਜੀ, ਨਕਸਲੀ ਜਾਂ ਖਾਲਿਸਤਾਨੀ- ਸਭ ਦੀ ਸੋਚ ਇਕ ਦੂਜੇ ਤੋਂ ਵੱਖਰੀ। ਕਈ ਵਾਰ ਉਲਟ ਵੀ। ਗੁਰੂ ਗੋਬਿੰਦ ਸਿੰਘ- ਸਭ ਦੀ ਪ੍ਰੇਰਣਾ। ਕਿਵੇਂ? ਕਿਉਂ?
ਹਰ ਸਭਿਅਤਾ ਨਾਇਕ ਲਭਦੀ ਹੈ- ਪ੍ਰੇਮ ਲਈ, ਸੱਚ ਲਈ, ਸੁਤੰਤਰਤਾ ਲਈ। ਨਾਇਕ ਉਹ ਸੱਚਾ ਹੈ ਜਿਸ ਵਿਚ ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ- ਨਾਇਕ ਵਰਗੇ 'ਕਲੋਨ' ਪੈਦਾ ਕਰਨ ਲਈ। ਸਭਿਅਤਾ ਨੂੰ ਨਾਇਕ ਨਾ ਲੱਭੇ ਤਾਂ ਘੜ ਲੈਂਦੀ ਹੈ। ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਮੌਤ ਦੇ ਨਾਇਕ ਹਨ।
ਗੁਰੂ ਗੋਬਿੰਦ ਸੱਚਮੁੱਚ ਹੋਏ, ਪਰ ਅਸੀਂ ਓਨੇ ਜਾਣੇ ਨਹੀਂ, ਜਿੰਨੇ ਘੜ ਲਏ। ਗੁਰੂ ਨੂੰ ਜਾਣਨਾ ਔਖਾ ਹੈ, ਸਮਝਣਾ ਹੋਰ ਔਖਾ, ਸਮਝ ਕੇ ਜੀਣਾ ਲਗਭਗ ਅਸੰਭਵ, ਪਰ ਘੜਣਾ ਸੌਖਾ। ਸੱਚ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ (ਕਿਸੇ ਦੇ ਤੁਰ ਜਾਣਾ ਮਗਰੋਂ) ਇਕ ਪੁਸ਼ਤ ਹੀ ਬਹੁਤ ਹੁੰਦੀ ਹੈ। ਉਸ ਮਹਾਂਪੁਰਖ ਨੂੰ ਵਿਦਾ ਹੋਇਆਂ ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ।
ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ, ਖਿਦਰਾਣੇ ਦੀ ਢਾਬ ਤੇ ਲੜ ਕੇ ਹਟੇ, ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ- ਆਪਣੀ ਸਲਤਨਤ ਮੋੜਣ ਲਈ ਫ਼ੌਜ ਇਕੱਠੀ ਨਹੀਂ ਕਰਦੇ: ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ ਸੰਪਾਦਨ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ- ਸ਼ਕਤੀ ਸ਼ਬਦ ਵਿਚ ਹੈ। ਓਥੋਂ ਹੀ ਇਹ ਸ਼ਖਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ। ਉਹ ਸੰਤ ਸਿਪਾਹੀ ਹੋਣ ਨੂੰ ਆਖਦੇ ਹਨ- ਸਿਪਾਹੀ-ਸੰਤ ਹੋਣ ਨੂੰ ਨਹੀਂ।
(56)