ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਗੋਬਿੰਦ- ਸਾਡੀ "ਲੋੜ" ਦਾ ਗੋਬਿੰਦ ਨਹੀਂ। ਅਸੀਂ ਉਹਨੂੰ ਮੁੜ ਘੜਦੇ ਹਾਂ। ਉਹਦੇ ਹੱਥੋਂ ਕਲਮ ਲੁਕਾਅ, ਸ਼ਮਸ਼ੀਰ ਫ਼ੜਾਉਂਦੇ ਹਾਂ। ਅੱਖ ਵਿਚੋਂ ਕਰੁਣਾ ਕੱਢ ਬੀਰ ਰਸ ਪਾਉਂਦੇ ਹਾਂ। "ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ" ਮੇਟ ਕੇ ਮੱਥੇ "ਨਿਸਚੈ ਕਰ ਆਪਨੀ ਜੀਤ ਕਰੋਂ" ਖੁਣਦੇ ਹਾਂ। ਅਜਿਹੇ ਗੋਬਿੰਦ ਨੂੰ ਹੁਣ ਅਸੀਂ "ਵਰਤ" ਸਕਦੇ ਹਾਂ...।

ਗੁਰੂ ਕਿਹਾ: "ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ"।

ਅਸੀਂ ਪਹਿਲੀ ਅੱਧੀ ਤੁਕ ਸਾਂਭ ਲੈਂਦੇ, ਪਿਛਲੀ ਅੱਧੀ ਤਿਆਗ ਦੇਂਦੇ ਹਾਂ। ਭਗੌਤੀ ਪਹਿਲਾਂ ਭਗਤੀ ਪਿੱਛੋਂ, ਸ਼ਕਤੀ ਪਹਿਲਾਂ ਸ਼ਬਦ ਪਿੱਛੋਂ। ਜਿਹੜਾ ਪਹਿਲਾ ਅੱਧ ਪੂਰਾ ਕਰ ਲੈਂਦਾ ਹੈ, ਤਾਕਤਵਰ ਤੇ ਸੱਤਾਧਾਰੀ ਹੋ ਜਾਂਦਾ ਹੈ: ਦੂਜੇ ਅੱਧ ਦੀ ਉਹਨੂੰ ਲੋੜ ਨਹੀਂ ਰਹਿੰਦੀ। ਸਾਡੇ ਤੇ ਰਾਜ ਕਰਦਾ ਹੈ, ਸਾਡਾ ਧਰਮ ਨਿਸਚਿਤ ਕਰਦਾ ਹੈ- ਗੋਬਿੰਦ ਮੁਤਾਬਕ ਨਹੀਂ, ਆਪਣੇ ਮੁਤਾਬਕ। ਅਸੀਂ ਓਨ੍ਹਾਂ ਦੇ ਹੁਕਮ ਵਿਚ ਜੀਂਦੇ ਹਾਂ ਜਿੰਨ੍ਹਾਂ ਵਿਰੁੱਧ ਗੋਬਿੰਦ ਲੜਿਆ। ਇਹ ਨਹੀਂ ਕਿ ਹੁਣ ਇਉਂ ਹੋਇਆ ਹੈ। ਉਨ੍ਹਾਂ ਦੇ ਜੀਂਦੇ ਜੀਅ ਵੀ ਸੈਂਕੜੇ ਸ਼ਰਧਾਲੂ ਯੋਧਿਆਂ ਦੀ ਭੀੜ ਵਿਚ ਭਾਈ ਘਨਈਆ ਹੀ ਗੁਰੂ ਅੰਦਰ ਉਮੜਦੀ ਕਰੁਣਾ ਪਛਾਣ ਸਕਿਆ।

ਨਾਨਕ ਕੋਲ ਤਾਂ ਹਥਿਆਰ ਨਾਲੋਂ ਵੱਧ- ਨਿਹੱਥੇ ਲੜਣ ਦਾ ਜੇਰਾ ਸੀ, ਜੰਗਲਾਂ ਵਿਚ ਇਕੱਲੇ ਘੁੰਮਣ ਦਾ ਹੌਂਸਲਾ ਸੀ, ਉਹ ਹਸਦਾ ਤੇ ਨੱਚਦਾ ਵੀ ਸੀ। ਮੂਰਤ ਘੜ ਕੇ ਅਸੀਂ ਨਾਨਕ ਨੂੰ ਚਿੱਟੇ ਦਾਹੜੇ, ਉਦਾਸੀਨ ਚਿਹਰੇ ਤੇ ਉੱਠੇ ਹੋਏ ਹੱਥ ਵਿਚ ਕੈਦ ਕਰਦੇ ਹਾਂ। ਨਾਨਕ ਨੂੰ ਜੁਆਨ ਨਹੀਂ ਹੋਣ ਦੇਂਦੇ, ਗੋਬਿੰਦ ਨੂੰ ਸ਼ਾਂਤ ਨਹੀਂ ਹੋਣ ਦੇਂਦੇ। ਅਸੀਂ ਆਪਣੇ ਸਟੀਰੀਓਟਾਈਪ: ਪੂਰਵ-ਨਿਸਚਿਤ ਚਿਹਰੇ ਗੁਣ ਤੇ ਲੋੜਾਂ- ਉਨ੍ਹਾਂ ਤੇ ਲਾਗੂ ਕਰਦੇ ਹਾਂ।

ਅਸੀਂ ਸਿਰਫ਼ ਆਖਦੇ ਹਾਂ- ਅਸੀਂ ਉਨ੍ਹਾਂ ਵਰਗੇ ਹੋਣਾ ਚਾਹੁੰਦੇ ਹਾਂ... ਉਹ ਸਨ ਕਿਹੋ ਜਿਹੇ- ਨਹੀਂ ਜਾਣਨਾ ਜਾਂ ਹੋਣਾ ਚਾਹੁੰਦੇ। ਉਹ ਕਿਹੋ ਜਿਹੇ ਹੋਣ: ਏਹਦਾ ਫੈਸਲਾ ਕਰਦੇ ਹਾਂ:

ਅਸੀਂ ਨਾਨਕ ਦੀ ਉਹ ਤਸਵੀਰ ਬਣਨ ਹੀ ਨਹੀਂ ਦੇਂਦੇ- "ਯੋਧਾ ਨਾਨਕ"... "ਹਸਦਾ ਨਾਨਕ" ...

ਅਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ- "ਕਵੀ ਗੋਬਿੰਦ" ... "ਖੇਡਦਾ ਗੋਬਿੰਦ"

(57)