ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗੋਬਿੰਦ ਵਰਗਾ


ਮੈਂ ਗੋਬਿੰਦ ਨੂੰ ਪੁੱਛਦਾ ਹਾਂ:
'ਮੈਂ ਤੇਰੇ ਵਰਗਾ ਕਿਵੇਂ ਬਣਾਂ?'

ਉਹ ਮੁਸਕਾਉਂਦਾ ਅਤੇ ਆਖਦਾ...
"ਸ੍ਰਿਸ਼ਟੀ ਅੰਦਰ ਇੱਕ ਫੁੱਲ ਇੱਕੋ ਵਾਰ ਹੀ ਉਗਦਾ
ਏਸ ਅਨੰਤ ਪਸਾਰੇ ਅੰਦਰ
ਕੋਟ ਸਮੇਂ ਵਿਚ ਧਰਤ ਅਸੰਖਾਂ ਉੱਤੇ
ਇਕ ਪੱਤਾ ਜਾਂ ਕੰਕਰ ਵੀ ਦੂਜੇ ਵਰਗਾ ਨਾ ਜਨਮੇ!"

ਮੈਂ ਕਹਿੰਦਾ ਹਾਂ
'ਪਰ ਮੈਂ ਸੁਣਿਐ ਤੇਰੇ ਅੰਦਰ ਜੋਤੀ ਨਾਨਕ ਵਾਲੀ ਸੀ'

ਉਹ ਆਖਦਾ
"ਮੈਂ ਓਸੇ ਟਾਹਣੀ ਤੇ ਉੱਗਿਆ
ਜਿਸ ਤੇ ਨਾਨਕ ਖਿੜਿਆ
ਪਰ ਨਾਨਕ ਵਾਂਗੂੰ ਨਹੀਂ ਖਿੜਿਆ
ਮੈਂ ਵੀ ਮੁੜ ਕੇ ਜਨਮ ਲਵਾਂ ਤਾਂ
ਪਹਿਲਾਂ ਵਾਂਗ ਨਹੀਂ ਖਿੜ ਸਕਣਾ"

ਮੈਂ ਪੁੱਛਦਾ ਹਾਂ
'ਤੇਰੇ ਵਾਂਗੂੰ ਜੀਅ ਨਹੀਂ ਸਕਦਾ-
'ਤਾਂ ਕੀ ਤੇਰੇ ਵਾਂਗਰ ਮੈਂ ਮਰ ਵੀ ਨਹੀਂ ਸਕਦਾ?

ਉਹ ਕਹਿੰਦਾ ਹੈ
"ਮੈਂ ਤਾਂ ਆਪਣੇ ਆਖਣ ਵਾਂਗੂੰ ਆਪ ਨਾ ਮਰਿਆ...
"ਅਤਿ ਹੀ ਰਨ ਮੈ ਤਬ ਜੂਝ ਮਰੋਂ" ਕਹਿ ਕੇ ਵੀ
ਮੈਂ ਰਣਤੱਤੇ ਵਿਚ ਨਾ ਮਰਿਆ
ਮੈਂ ਰਣਤੱਤੇ ਵਿਚ ਜੀਵਿਆ
ਮੇਰੇ ਲਈ ਓਹੀਓ ਸੀ ਵੱਡਾ... ...

ਮੈਂ ਕਹਿੰਦਾ ਹਾਂ
'ਤੂੰ ਪਿਤਾ ਕੀਤਾ ਕੁਰਬਾਨ
ਪੁੱਤਰ ਚੇਲੇ ਘਰ ਜਾਇਦਾਦ ਛੱਡੀ ਜਾਨ!"

ਉਹ ਪੁੱਛਦਾ ਹੈ
"ਤੈਨੂੰ ਮੇਰੇ ਵਿੱਚੋਂ ਕੇਵਲ ਮੌਤ ਕਿਉਂ ਦਿਸਦੀ?
ਮੈਂ ਤਾਂ ਪਲ ਪਲ ਸ਼ਬਦ ਸ਼ਬਦ ਕਵਿਤਾ ਜੀਵੀ ਹੈ

(58)