ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੋਤਾ ਕਪੜਾ



ਗਲ ਪਾਇਆ ਕਪੜਾ ਧੋ ਦੇਵਾਂ

ਕਪੜਾ ਨਿਖਰੇ
ਵੱਟ ਝੁਰੜੀਆਂ ਹੋਣ ਅਲੋਪ
ਜੀਕਰ ਜਾਏ ਬੁਢਾਪਾ
ਪਰਤੇ ਬਚਪਨ
ਕਪੜਾ ਜਾਪੇ ਖੁਸ਼
ਪਿੰਡਾ ਤਣਿਆ ਚਿਹਰਾ ਚਮਕੇ
ਮੁੜਿਆ ਤੀਰਥੋਂ
ਕਪੜੇ ਅੰਦਰ ਪੈ ਜਾਏ ਜਾਨ
ਹੌਲਾ ਹੋਵੇ ਜੀਕਰ
ਮੈਲ ਸੀ ਰੋਗ
ਮੈਲ ਸੀ ਭਾਰ

ਕਪੜਾ ਕਲਵਲ ਹੋਵੇ
ਜੀਕਰ ਪੌਣ 'ਚ ਭਰਿਆ ਜਲ
ਜਿਉਂ ਧਰਤੀ ਜਲ ਭਿੱਜੀ ਹੋਵੇ
ਜਿਵੇਂ ਨੇਤਰੀਂ ਜਲ ਭਰ ਆਵੇ

ਪਿੰਡਾ ਕਰ ਇਸ਼ਨਾਨ
ਸੁੱਚੇ ਮੂੰਹ
ਚਾਈਂ ਚਾਈਂ
ਧੋਤੇ ਕਪੜੇ ਦੇ ਗਲ ਲੱਗੇ

ਧੋਤਾ ਕਪੜਾ
ਵਿਛ ਵਿਛ ਜਾਵੇ
ਮੁੜ ਮੁੜ ਧੋਤੇ ਜਾਣ ਨੂੰ...

(64)