ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਆਪੋ ਧਾਪੀ


ਕੋਈ ਵੇਲਾ ਸੀ
ਅਸੀਂ ਰੱਬ ਵਿਚ ਵਿਸ਼ਵਾਸ ਜਤਾਇਆ
ਏਨਾ ਕਿ
ਸਭ ਓਸੇ ਤੇ ਛੱਡ ਦਿੱਤਾ...
ਖੋਜ
ਕਰਮ
ਤੁਰਨਾ
ਲੜਣਾ
ਸਭ ਬੰਦ ਕਰ ਦਿੱਤਾ

ਹੁਣ ਵੇਲਾ ਹੈ
ਵਾਹੋ ਦਾਹੀ ਭੱਜ ਰਹੇ ਆਂ
ਜਿਵੇਂ ਸੇਕ ਲੱਗਣ ਤੋਂ ਪਹਿਲਾਂ
ਅੱਗ ਦੇ ਦਿੱਸਣ ਤੋਂ ਵੀ ਪਹਿਲਾਂ
ਸੁਣ ਲਈ ਹੈ
ਹਰ ਪਿੰਡ ਸ਼ਹਿਰ ਅੱਗ ਦੀ ਅਫ਼ਵਾਹ...

ਕਿਧਰੇ ਪਹੁੰਚਣ ਲਈ ਨਹੀਂ ਭੱਜ ਰਹੇ
ਬਸ ਬਚਣ ਲਈ ਭੱਜ ਰਹੇ ਹਾਂ
ਕਿਥੇ ਜਾ ਬਚਾਅ ਹੋਵੇਗਾ
ਕਿਸ ਤੋਂ ਬਚਾਅ ਹੋਵੇਗਾ
ਸਾਨੂੰ ਨਹੀਂ ਪਤਾ...
ਅਸੀਂ ਭੱਜ ਰਹੇ ਭੱਜ ਰਹੇ ਭੱਜ ਰਹੇ
ਅਗਲੇ ਬੰਦੇ ਮਗਰ ਮਗਰੇ...

ਪੈਸਾ-
ਪਦਵੀ-
ਤਾਕਤ-
ਰੁਤਬਾ-
ਭੱਜਣ ਦੀਆਂ ਸਭ ਦਿਸ਼ਾਵਾਂ
ਆਖ਼ਰ ਇਕ ਪੜਾਅ ਤੇ ਆ ਕੇ
ਆਪੋ ਵਿਚ ਮਿਲ ਜਾਣੀਆਂ

(70)