ਡਰ ਕਿੰਨੇ ਹੀ ਕੰਮ ਕਰਾਵੇ
ਬਿਨਾ ਲੋੜ ਤੋਂ ਸੁੱਤੇ ਟੱਬਰ ਨੂੰ ਉਠਵਾਵੇ
ਰੱਦੀ ਬਿਲ ਤਰਤੀਬਵਾਰ ਰਖਣੇ ਸਮਝਾਵੇ
ਦੰਦੋੜਿਕੀ ਠੰਢ ਹੁੰਦਿਆਂ ਵੀ ਬਾਹਰ ਲਿਆਵੇ
ਡਰ ਦੇ ਜਾਦੂਗਰ ਦੀ ਕਾਲੀ ਟੋਪੀ
ਵਿਚ ਗੁਆਚੀ
ਹਾਲੇ ਤੱਕ ਅਣਖੁਲ੍ਹੀ ਚਿੱਠੀ
ਬਿੱਲ ਭਰਨ ਦੀ ਆਖਰੀ ਮਿਤੀ
ਅੱਖਾਂ ਉਦਾਲੇ ਕਾਲਾ ਘੇਰਾ
ਸੁੱਤੀ ਬੱਚੀ ਦੀ ਮੁਸਕਾਨ
ਉਤਰੀ ਰਾਤ 'ਚ ਲੁੱਕਿਆ ਚੈਨ
ਰੁੱਖਾਂ ਉਤੋਂ ਫੁੱਲ ਗੁੰਮ ਜਾਂਦੇ
ਕਈ ਵਾਰੀ ਰੁੱਖ ਹੀ ਗੁੰਮ ਜਾਂਦੇ
ਵਿਦਾ ਨੂੰ ਉੱਠਿਆ ਹੱਥ ਨਾ ਦਿੱਸੇ
ਘਰ ਕੋਲ ਆ ਕੇ ਘਰ ਨਾ ਦਿੱਸੇ