ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰੋਜ਼ ਹੀ ਦਸਤਕ ਹੋਵੇ
ਨੇੜੇ ਤੇੜੇ ਦੂਰ ਦੁਰਾਡੇ ਵਾਪਰਦੇ ਅਨਿਆਂ ਦੀਆਂ
ਖਬਰਾਂ ਚੀਕਾਂ ਤੇ ਤਸਵੀਰਾਂ ਮੇਰਾ ਬੂਹਾ ਠੱਕ ਠਕੋਰਣ
ਓਨ੍ਹਾਂ ਪਿੱਛੇ ਹੌਂਕ ਰਿਹਾ ਅਨਿਆਂ ਖਲੋਤਾ...

ਬਹੁਤੀ ਵਾਰੀ ਸੁੱਤਾ ਹੋਵਾਂ
ਰੋਟੀ ਖਾ ਸੁਸਤਾਉਂਦਾ ਹੋਵਾਂ
ਨਵੀਂ ਕਾਰ ਲਿਸ਼ਕਾਉਂਦਾ ਹੋਵਾਂ
ਜਾਂ ਬੱਚੇ ਨੂੰ ਨੇਕੀ ਬਦੀ ਦੀ ਕਥਾ ਸੁਣਾਉਂਦਾ
ਵਧੀਆ ਫਿਲਮ ਬਣੀ ਅਨਿਆਂ ਤੇ ਤੱਕਦਾ ਹੋਵਾਂ
ਮਿੱਤਰਾਂ ਨਾਲ ਅਨਿਆਂ ਦੀ ਬਹਿਸ 'ਚ ਰੁੱਝਿਆ ਹੋਵਾਂ

ਬਹੁਤੀ ਵਾਰੀ ਦਸਤਕ ਸੁਣੇ ਨਾ ਮੈਨੂੰ
ਸੁਣੇ ਤਾਂ ਅਣਸੁਣ ਕਰ ਦੇਵਾਂ

ਅਨਿਆਂ ਰੋਜ਼ ਹੀ ਦਸਤਕ ਦੇਂਦਾ...

ਇਕ ਦਿਨ ਘਰ ਦੇ ਅੰਦਰ ਵੀ ਆ ਜਾਵੇਗਾ
ਬੂਹੇ ਭੰਨ ਕੇ...
ਉਸ ਦਿਨ ਮੇਰੇ ਨਿਕਲਣ ਨੂੰ ਕੀ
ਮੇਰੀ ਚੀਕ ਦੇ ਨਿਕਲਣ ਨੂੰ ਵੀ ਰਾਹ ਨਹੀਂ ਹੋਣਾ
ਮੈਂ ਬੈਠਾ ਹਾਂ
ਏਸ ਉਮੀਦੇ...
ਮੇਰੇ "ਨਾ ਬੋਲਿਆਂ" ਸ਼ਾਇਦ
ਉਹ ਮੇਰੇ ਘਰ ਨਾ ਈ ਆਵੇ
ਜਾਂ ਫਿਰ ਮੇਰੀ ਉਮਰਾ ਮੁੱਕਣ ਮਗਰੋਂ ਆਵੇ

ਪਰ ਜੇ ਉਮਰ ਦੇ ਅੰਤਮ ਪਲ ਵੀ
ਅਨਿਆਂ ਮੇਰੇ ਘਰ ਆ ਵੜਿਆ
ਓਹ ਪਲ
ਉਮਰਾਂ ਜਿੰਨਾ ਲੰਮਾ ਹੋ ਜਾਣਾ... ...

74