ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਵਿਹੜੇ
ਮੇਰੇ ਜਿਸਮ ਦਾ ਘੋੜਾ ਬੱਧਾ
ਮੈਂ ਹਾਂ ਮਾਲਕ ਇਸ ਦਾ ...?

ਮਨ
ਵਿਗੜਿਆ ਪੁੱਤਰ
ਜਦ ਜੀਅ ਚਾਹੇ
ਅੰਦਰੋਂ ਨਿਕਲੇ ਕਾਠੀ ਪਾਵੇ
ਜਿੱਧਰ ਚਾਹੇ ਲੈ ਜਾਵੇ
ਜਿੰਨਾ ਚਾਹੇ ਓਨਾ ਓਨੀ ਦੇਰ ਭਜਾਵੇ
ਮੈਥੋਂ ਪੁੱਛੇ ਬਿਨ ...

ਮੈਂ ਖਲੋਤਾ ਬਾਰੀ ਕੋਲ
ਬੇਬਸ ਤੱਕਾਂ
ਪੂੰਝਾਂ
ਉਡਦੀ ਧੂੜ 'ਚ ਅੱਖਾਂ

ਮਨ ਮੌਜੀ ਜਦ ਚਾਹੇ
ਘਰ ਨੂੰ ਪਰਤੇ
ਕਰਨ ਲਈ ਬਿਸਰਾਮ

ਆਪਣਾ ਗੁੱਸਾ ਕੱਢਣ ਲਈ
ਫੁਟਕਾਰਾਂ ਨਾਲ
ਵੱਟ ਕਚੀਚੀ
ਕੰਬਦੇ ਹੱਥੀਂ
ਮੈਂ ਘੋੜੇ ਨੂੰ ਝੰਬਾਂ ...
ਬਾਰੀ ਕੋਲ ਖਲੋਤਾ ਮਨ
ਤਮਾਸ਼ਾ ਤੱਕੇ
ਅਗਲੀ ਵਾਰੀ ਕਿੱਥੇ ਜਾਣਾ
ਆਪਣੇ ਨਾਲ ਸਲਾਹ ਕਰੇ ..