ਪਹਿਲੀ ਬੁਰਕੀ ਮੂੰਹ ਵਿੱਚ ਪਾਵਾਂ
ਸੋਚਾਂ ਕਿਹੜਾ ਕੰਮ ਅਧੂਰਾ
ਦੂਜੀ ਬੁਰਕੀ ਵੇਖਾਂ ਪੈਰ
ਜੋ ਰਹਿ ਗਏ ਚਾਦਰ ਤੋਂ ਬਾਹਰ
ਤੀਜੀ ਬੁਰਕੀ ਲੱਭਾਂ ਭੁੱਲੇ ਰਾਹ
ਜਿਹੜੇ ਰਾਹ ਵਿਚ ਰਹਿ ਗਏ
ਚੌਥੀ ਬੁਰਕੀ ਚੇਤੇ ਆਵਣ ਮਿੱਤਰ ਪਿਆਰੇ
ਜੋ ਨਾ ਰਹੇ ਹੁਣ ਮਿੱਤਰ ਪਿਆਰੇ
ਪੰਜਵੀਂ ਬੁਰਕੀ ਸੁਬਾ ਪੜੀ
ਅਖਬਾਰ ਦੀ ਸੁਰਖੀ ਮੱਥੇ ਵੱਜਦੀ
ਛੇਵੀਂ ਬੁਰਕੀ ...
ਸੱਤਵੀਂ ਬੁਰਕੀ ...
ਅੰਤਲੀ ਬੁਰਕੀ ਹੱਥ ਵਿੱਚ ਆਵੇ
ਚਾਣਚੱਕ ਹੀ ਨੀਂਦਰ ਖੁਲ੍ਹੇ ...
|
ਹੁਣ ਤਈਂ ਖਾਧੀ ਕਿਸੇ ਵੀ ਬੁਰਕੀ
ਦਾ ਨਾ ਮੈਨੂੰ ਸੁਆਦ ਪਤਾ
ਵਰਿਆਂ ਬੱਧੀ ਕਿੰਨੀਆਂ ਬੁਰਕੀਆਂ ਮੇਰੇ ਹੱਥੋਂ
ਹੋਣ ਨਿਰਾਦਰ ਅਤੇ ਜ਼ਿਬਾਹ ...
ਆਖਰੀ ਬੁਰਕੀ ਹੌਲੀ ਹੌਲੀ ਮੂੰਹ ਵਿੱਚ ਘੋਲਾਂ
ਰੋਟੀ ਮਿੱਠੀ ਮਿੱਠੀ ਲੱਗੇ
ਹੋਰ ਖਾਣ ਨੂੰ ਚਿੱਤ ਕਰੇ
ਪਰ ...
ਉਮਰ ਦੀ ਰੋਟੀ ਮੁੱਕ ਚੱਲੀ
ਅੱਧੀ ਇੱਕ ਅਖੀਰੀ ਬੁਰਕੀ ਹੱਥੀਂ ਰਹਿ ਗਈ
ਚੰਗਾ ਹੁੰਦਾ ਮੈਨੂੰ ਇੱਕੋ ਇੱਕ
ਅਖੀਰੀ ਬੁਰਕੀ ਮਿਲਦੀ
ਬਾਕੀ ਸਭ ਓਨ੍ਹਾਂ ਨੂੰ
ਜੋ ਬਿਨ-ਬੁਰਕੀ ਰਹਿ ਗਏ ...
|