ਅਸੀਂ - ਜਿੰਨ੍ਹਾਂ ਦੇ
ਪਾਟੇ ਕਪੜੇ ਰੰਗੇ ਮੂੰਹ ਤੇ ਉਲਝੇ ਵਾਲ
ਪਿੱਠਾਂ ਮੋਢੇ ਬਾਹਾਂ ਉਤੇ ਚਿੱਤਰ ਉੱਕਰੇ
ਕਦੇ ਇਕੱਲੇ ਕਦੇ ਭੀੜ ਵਿਚ ਉੱਚੀ ਉੱਚੀ ਹਸਦੇ
ਬੇਮਕਸਦ ਬੇਘੜ ਬੇਮੰਜ਼ਲ ਤੇ ਬੇਸਮਝੇ
ਬੰਦਿਆਂ ਵਰਗੇ ਹੁੰਦੇ ਵੀ ਬੰਦੇ ਨਾ ਲਗਦੇ...
ਜਦੋਂ ਘਰਾਂ 'ਚੋਂ ਲੱਭੀ ਨਹੀਂ ਪਛਾਣ ਆਪਣੀ
ਨਿਕਲ ਪਏ ਉਸ ਇੱਟ ਦੀ ਭਾਲ
ਜਿਸ ਵਿਚ ਆਪਣੀ ਨੀਂਹ ਧਰ ਸਕੀਏ
ਓਸ ਇੱਟ ਦੇ ਲੱਭਣ ਤੀਕ
ਅਸਲ ਪਛਾਣ ਦੇ ਲੱਭਣ ਤੀਕ
ਹੁਣ ਵਾਲੀ ਪਹਿਚਾਨ ਅਸਾਂ ਘੜ ਰੱਖੀ ਹੈ...
ਜੇ ਚਾਹੋ ਤਾਂ ਸਾਡੇ ਕੰਨਾਂ ਨੱਕਾਂ ਹੋਠਾਂ ਪਈਆਂ
ਨੱਥਾਂ ਮੁੰਦਰਾਂ ਗਿਣ ਲਓ ...
|
ਜੇ ਚਾਹੋ ਤਾਂ ਸਾਡੇ ਵਿਚੋਂ
ਉਹ ਸਿਰਫਿਰਿਆ, ਖੋਜੀ ਤੇ ਬੇਚੈਨ ਮੁਸਾਫ਼ਰ
ਲੱਭ ਲਉ ਜਿਹੜਾ
ਤੁਹਾਡੇ ਵਸਦੇ ਰਸਦੇ ਘਰ ਵਿਚ
ਤੁਹਾਡੇ ਹਸਦੇ ਚਿਹਰੇ ਪਿੱਛੇ
ਕੈਦ ਅਜੇ ਵੀ ...
'ਚੰਗਾ' 'ਠੀਕ' ਤੇ 'ਸਭਿਅਤ ਹੋ ਹੋ ਥੱਕਾ ਟੁੱਟਾ
ਅੱਧੀ ਰਾਤੀਂ ਉੱਠ ਉੱਠ ਕੇ ਹਟਕੋਰੇ ਲੈਂਦਾ
ਨ੍ਹੇਰੇ ਚਿੱਤਰ ਉੱਕਰਦਾ
ਕਪੜੇ ਪਾੜ ਚੀਕਣਾ ਚਾਹੁੰਦਾ
ਆਪਣੇ ਆਪ ਨੂੰ ਮੁੱਢੋਂ ਸੁੱਢੋਂ ਲੱਭਣਾ ਚਾਹੁੰਦਾ
ਗੜਿਆਂ ਰੇਗਿਸਤਾਨਾਂ ਅੰਦਰ ਗੁੰਮਣਾ ਚਾਹੁੰਦਾ
ਕਮਲਾ ਪਾਗਲ ਬੇਮਕਸਦ ਬੇਮੰਜ਼ਲ ਹੋ ਕੇ ਜੀਣਾ ਚਾਹੁੰਦਾ ...
|