ਸਮੱਗਰੀ 'ਤੇ ਜਾਓ

ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਹਿੱਸੇ ਦੀਆਂ ਗਲਤੀਆਂ ਕਰਨ
ਘਰੋਂ ਨਿਕਲਣ ਲੱਗਾ ਹਾਂ

ਹੋ ਸਕਦਾ ਹੈ ਗਲਤੀਆਂ ਕਰਦੇ
ਅੱਖਾਂ ਕੰਨਾਂ ਨਾਸਾਂ ਵਿੱਚ ਰੇਤਾ ਭਰ ਜਾਵੇ
ਕੋਈ ਗੱਲ ਨਹੀਂ
ਮੈਂ
ਰੇਤ ਸੁਣਨ ਵੇਖਣ ਤੇ ਸੁੰਘਣ ਚੱਲਿਆ ਹਾਂ
ਸ਼ਾਇਦ ਕੁਝ ਕੁ ਅੰਗ ਗੁਆਚਣ
ਜਾਂ ਹੋ ਸਕਦਾ ਸੁਰਤ ਗੁਆਚੀ ਲੱਭ ਪਵੇ
ਸ਼ਾਇਦ ਥੱਕ ਟੁੱਟ ਰਾਹ ਵਿੱਚ ਹੀ ਮੁੱਕ ਜਾਵਾਂ
ਪਰ ... ਘਰ ਰਹਿ ਕੇ ਵੀ ਮੁੱਕ ਹੀ ਜਾਣਾ ...

ਮੋਹ ਤੁਹਾਡਾ ਮੇਰੇ ਲਈ ਇਹ ਫਿਕਰ ਜਗਾਵੇ
ਕਿ ... "ਮੈਂ ਜ਼ਿੰਦਗੀ 'ਸਫਲ' ਕਰਨ ਦਾ
ਮੌਕਾ ਹੱਥੋਂ ਛੱਡ ਰਿਹਾ ..."
ਤੁਹਾਡੇ ਮੋਹ ਲਈ ਆਦਰ ਆਵੇ

ਪਰ
ਜੋ ਸਫਲਤਾ -
ਮਿੱਥੀ ਹੋਈ ਤੁਹਾਡੇ ਵੱਲੋ -
ਜਿਸ ਦੀ ਪਰਿਭਾਸ਼ਾ ਵੀ ਤੁਹਾਡੀ
ਮੱਥਾ ਹੱਥ ਜਾਂ ਪੈਰ ਉਧਾਰੇ ਲੈ ਤੁਹਾਥੋਂ
ਮੈਨੂੰ ਮਿਲ ਵੀ ਜਾਵੇ ਤਾਂ ਉਹ
ਮੇਰੀ ਸਫਲਤਾ ਕਿਵੇਂ ਹੋ ਸਕਦੀ ?

ਮੈਂ ਸਫ਼ਲਤਾ ਹਾਸਲ ਕਰਨੀ
ਆਪਣੀ
ਹਾਰਣਾ ਵੀ -
ਆਪਣੇ ਹਿੱਸੇ ਦਾ
ਗਲਤੀਆਂ ਕਰਨੀਆਂ -
ਆਪਣੀਆਂ ...
ਆਪਣੇ ਹਿੱਸੇ ਦੀਆਂ..

(92)