ਪੰਨਾ:ਕਲਾ ਮੰਦਰ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟ੍ਰੈਜਿਡੀ ਦੇ ਨਾਇਕ ਜਾਂ ਨਾਇਕਾਂ ਜਾਂ ਦੋਹਾਂ ਦੇ ਜੀਵਨ ਵਿਚੋਂ ਉਹ ਦ੍ਰਿਸ਼੍ਯ ਜੋ ਟ੍ਰੈਜਿਡੀ ਵਿਚ ਦਿਤੇ ਜਾਂਦੇ ਹਨ, ਅਕਸਰ ਕਰਕੇ ਸਾਰੇ ਹੀ ਦੁੱਖ ਭਰੇ ਹੁੰਦੇ ਹਨ, ਤੇ ਟ੍ਰੈਜਿਡੀ ਦਾ ਅੰਤ ਅਕਸਰ ਇਨ੍ਹਾਂ ਦਾ ਅੰਤ ਅਥਵਾ ਮੌਤ ਹੁੰਦਾ ਹੈ। ਇਹ ਦੁਖ (ਸਰੀਰਕ ਜਾਂ ਆਤਮਕ) ਅਜਿਹੇ ਹੁੰਦੇ ਹਨ ਕਿ ਦ੍ਰਿਸ਼ਕਾਂ ਨੂੰ ਬੜੇ ਭਿਆਨਕ ਲੱਗਦੇ ਹਨ ਤੇ ਦੁਖੀ ਨਾਇਕ ਜਾਂ ਨਾਇਕਾ ਲਈ ਅਵੱਸ਼ ਹੀ ਤਰਸ ਆਉਣ ਲੱਗਦਾ ਹੈ। ਡਰ ਤੇ ਤਰਸ ਦਾ ਪੈਦਾ ਕਰਨਾ ਟੈਜਿਡੀ ਲਈ ਅਤਿਅੰਤ ਜ਼ਰੂਰੀ ਹੈ, ਪਰੰਤੂ ਹਰ ਇਕ ਗੱਲ ਜੋ ਡਰ ਤੇ ਤਰਸ ਪੈਦਾ ਕਰੇ ਨਾਟਕੀ ਖ਼ਿਆਲ ਨਾਲ ਟ੍ਰੈਜਿਡੀ ਨਹੀਂ ਕਹਾ ਸਕਦੀ, ਜਿਸਤਰ੍ਹਾਂ ਕਿ ਇਕ ਜਾਬਰ ਦਾ ਕਿਸੇ ਬੇ-ਦੋਸ਼ੇ ਅਨਾਥ ਤੇ ਅਜਾਈਂ ਜ਼ੁਲਮ ਕਰਨਾ ਜਾਂ ਕਿਸੇ ਰੱਬੀ-ਆਫ਼ਤ ਦਾ ਅਚਾਨਕ ਤੇ ਸੁਭਾਵਕ ਹੀ ਕਿਸੇ ਪ੍ਰਾਣੀ ਤੇ ਆ ਡਿਗਣਾ ਯਥਾ ਬਿਜਲੀ ਦਾ ਪੈ ਜਾਣਾ——ਇਹੋ ਜਿਹੀਆਂ ਆਫ਼ਤਾਂ ਵੇਖ ਡਰ ਵੀ ਜ਼ਰੂਰ ਆਉਂਦਾ ਹੈ, ਅਰ ਤਰਸ ਵੀ। ਪਰ ਇਨ੍ਹਾਂ ਨੂੰ ਨਾਟਕੀ ਖ਼ਿਆਲੋਂ ਟ੍ਰੈਜਿਡੀ ਕਹਿਣਾ ਠੀਕ ਨਹੀਂ।

ਟ੍ਰੈਜਿਡੀ ਦੇ ਦੁੱਖ ਅਕਸਰ ਕਰਕੇ ਨਾਇਕ ਜਾਂ ਨਾਇਕਾ ਦੇ ਆਪਣੇ ਕੀਤੇ ਕੰਮਾਂ ਤੋਂ ਉਪਜਦੇ ਹਨ ਤੇ ਇਹ ਕੰਮ ਵੀ ਅਚੇਤ ਹੀ ਨਹੀਂ ਹੋ ਜਾਂਦੇ ਸਗੋਂ ਇਨ੍ਹਾਂ ਕੰਮਾਂ ਦਾ ਮੁੱਢ ਨਾਇਕ ਜਾਂ ਨਾਇਕਾ ਦੇ ਆਪਣੇ ਸੁਭਾਵ ਵਿਚ ਹੋਇਆ ਕਰਦਾ ਹੈ। ਉਨ੍ਹਾਂ ਦਾ ਸੁਭਾਵ ਅਜਿਹਾ

੮.