ਪੰਨਾ:ਕਲਾ ਮੰਦਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਰਨ ਨਾਇਕ ਦੇ ਆਪਣੇ ਕੰਮ ਹੀ ਹਨ ਤੇ ਕਾਰਨ ਤੋਂ ਹੀ ਕਾਰਜ ਹੈ ਤੇ ਇਨ੍ਹਾਂ ਦੇ ਵਿਚਾਲੇ ਤੀਜੀ ਕੋਈ ਗੱਲ ਹੀ ਨਹੀਂ——ਇਹ ਕਹਿਣਾ ਵੀ ਬਿਲਕੁਲ ਠੀਕ ਨਹੀਂ। ਟ੍ਰੈਜਿਡੀ ਦਾ ਮੂਲ ਕਾਰਨ——ਜ਼ਰੂਰ ਨਾਇਕ ਦਾ ਆਪਣਾ ਕੋਈ ਕੰਮ ਹੁੰਦਾ ਹੈ, ਪਰੰਤੂ ਜਦ ਟ੍ਰੈਜਿਡੀ ਦਾ ਮੁੱਢ ਬੱਝ ਜਾਏ ਉਸ ਤੋਂ ਉਪਰੰਤ ਕਈ ਰੱਬੀ ਕਾਰਣਾਂ ਦਾ ਵੀ ਹਿਸਾ ਟ੍ਰੈਜਿਡੀ ਵਿਚ ਜ਼ਰੂਰ ਹੋ ਜਾਂਦਾ ਹੈ। ਕੁਦਰਤੋਂ ਹੀ ਕਈ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਹੋਣ ਕਰਕੇ ਜਾਂ ਤਾਂ ਦੁੱਖ ਦੀ ਬਹੁਲਤਾ ਹੋ ਜਾਂਦੀ ਹੈ, ਜਾਂ ਹੋਰ ਕਿਸੇ ਤਰ੍ਹਾਂ ਭੈੜ ਤੋਂ ਵਧੇਰਾ ਭੈੜ ਹੁੰਦਾ ਜਾਂਦਾ ਹੈ ਤੇ ਜੋ ਵੀ ਗੱਲ ਹੁੰਦੀ ਹੈ ਦੁੱਖੀ ਕਰਣ ਵਾਲੀ ਹੀ ਹੁੰਦੀ ਹੈ। ਇਨ੍ਹਾਂ ਰਬੀ ਕਾਰਨਾਂ ਨੂੰ ਨਾਇਕ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ ਤੇ ਇਹੋ ਜਿਹੀਆਂ ਧੁਰੋਂ ਵਾਪਰੀਆਂ ਤਕਲੀਫਾਂ ਹਾਲਤ ਨੂੰ ਜ਼ਿਆਦਾ ਭੈ-ਦਾਇਕ ਤੇ ਤਰਸ ਯੋਗ ਬਣਾ ਦੇਂਦੀਆਂ ਹਨ। ਜਿਸਤਰ੍ਹਾਂ ਇਸ ਨਾਟਕ ਵਿਚ ਤੁਫ਼ਾਨ ਦਾ ਆਉਣਾ ਜਾਂ ਆਖਰੀ ਝਾਕੀ ਵਿਚ ਸੁੰਦਰ ਸਿੰਹੁ ਦਾ ਬੰਦੀ-ਖਾਨੇ ਅਜਿਹੇ ਵੇਲੇ ਪੁੱਜਣਾ ਜਿਸ ਵਕਤ ਕਵਲਾਂ ਦਾ ਅੰਤ ਹੋ ਚੁਕਾ ਹੈ ਆਦਿਕ। ਪਰੰਤੂ ਨਿਰੀ ਧਾਰ ਕੁਦਰਤੋਂ ਵਾਪਰੀਆਂ ਤਕਲੀਫਾਂ ਨੂੰ ਅਸੀ ਟ੍ਰੈਜਿਡੀ ਨਹੀਂ ਕਵ੍ਹਾਂਗੇ, ਇਸ ਵਿਚ ਮਨੁੱਖ ਦਾ ਆਪਣਾ ਹਿੱਸਾ ਜ਼ਰੂਰੀ ਤੇ ਮੂਲ ਕਾਰਨ ਹੈ, ਪਰ ਨਾਲ ਹੀ ਇਹ ਕਹਿਣਾ ਵੀ ਠੀਕ ਨਹੀਂ ਕਿ ਮਨੁੱਖ ਦਾ ਸੁਭਾਵ ਹੀ ਨਿਰੋਲ ਕਾਰਨ ਹੈ।

੧੦.