ਪੰਨਾ:ਕਲਾ ਮੰਦਰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਟ੍ਰੈਜਿਡੀ ਦੇ ਅਤ ਵਿਚ ਅਸੀਂ ਵੇਖਦੇ ਹਾਂ ਕਿ ਸਰੀਰਕ ਵਿਸ਼ਿਆਂ ਉਤੇ ਆਤਮਕ ਅਸੂਲ ਦੀ ਪੂਰੀ ਜਿੱਤ ਹੋ ਜਾਂਦੀ ਹੈ, ਤੇ ਜੇ ਆਤਮਕ ਅਸੂਲ ਦੇ ਵਖੋ ਵਖਰੇ ਅੰਗਾਂ ਦਾ ਆਪੋ ਵਿਚ ਦੀ ਵਿਰੋਧ ਹੋਇਆ ਹੋਵੇ ਤਾਂ ਇਸ ਵਿਰੋਧ ਦਾ ਨਾਸ ਹੋ ਜਾਂਦਾ ਹੈ, ਤੇ ਸਾਰੇ ਅੰਗ ਫਿਰ ਬਰਾਬਰ ਤੁੱਲ ਖਲੋਂਦੇ ਹਨ। ਟ੍ਰੈਜਿਡੀ ਵਿਚ ਜਿਤਨੇ ਵੀ ਬੁਰਾ ਕਰਨ ਵਾਲੇ ਹੁੰਦੇ ਹਨ ਉਨ੍ਹਾਂ ਸਾਰਿਆਂ ਦਾ ਨਾਸ ਹੋ ਜਾਂਦਾ ਹੈ। ਅਤੇ ਬੁਰਾਈ ਦਾ ਇਸਤਰ੍ਹਾਂ ਨਾਸ ਹੋਣਾ ਇਕ ਵੇਰ ਦ੍ਰਿਸ਼ਕਾਂ ਦੇ ਮਨ ਨੂੰ ਜ਼ਰੂਰ ਪ੍ਰਸੰਨ ਕਰਦਾ ਹੈ, ਤੇ ਅਵੱਸ਼ ਹੀ ਉਨ੍ਹਾਂ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ: 'ਹਛੀ ਹੋਈ ਨੇ'। ਇਸ ਤੋਂ ਬਿਨਾਂ ਇਕ ਹੋਰ ਗੱਲ ਜੋ ਚਿਤ ਨੂੰ ਸ਼ਾਂਤੀ ਦੇਂਦੀ ਹੈ। ਉਹ ਇਹ ਹੈ ਕਿ ਅਖ਼ੀਰ ਸਮੇਂ ਟ੍ਰੈਜਿਡੀ ਦਾ ਨਾਇਕ ਆਪਣੀ ਪੂਰੀ ਉੱਚਤਾ ਤੇ ਸ਼ਾਨ ਵਿਚ ਸਾਡੇ ਸਾਮ੍ਹਣੇ ਆਉਂਦਾ ਹੈ, ਉਹ ਇਨ੍ਹਾਂ ਦੁੱਖਾਂ, ਕਲੇਸ਼ਾਂ ਵਿਚੋਂ ਲੰਘ ਕੇ ਇਕ ਪੂਰਨ ਮਨੁੱਖ ਹੋ ਦਿਸਦਾ ਹੈ, ਤੇ ਆਪਣੇ ਸ਼ੁਭ-ਗੁਣਾਂ ਕਰਕੇ ਸਾਨੂੰ ਇਤਨਾ ਪਿਆਰਾ ਲੱਗਦਾ ਹੈ ਕਿ ਅਸੀਂ ਉਸ ਵੱਲ ਸ਼ਲਾਘਾ ਭਰੀ ਨਿਗਾਹ ਨਾਲ ਵੇਖਦੇ ਹਾਂ ਤੇ ਉਸਦੀ ਵਡਿਆਈ ਕਰਦੇ ਨਹੀਂ ਰੱਜਦੇ। ਜੇ ਸ਼ੁਰੂ ਵਿਚ ਉਸਦੇ ਕਿਸੇ ਅਉਗੁਣ ਨੇ ਸਾਨੂੰ ਉਸ ਵਲੋਂ ਘ੍ਰਿਣਾ ਵੀ ਕਰਾਈ ਹੁੰਦੀ ਹੈ ਤਾਂ ਹੁਣ ਉਹ ਬਿਲਕੁਲ ਭੁੱਲ ਜਾਂਦੀ ਹੈ, ਤੇ ਉਹ ਸਾਨੂੰ ਹਰ ਗੱਲੇ ਨਿਪੁੰਨ ਦਿਸਦਾ ਹੈ। ਇਥੋਂ ਤਕ ਕਿ ਕਈ ਹਾਲਤਾਂ ਵਿਚ ਅਸੀਂ ਇਹ ਅਨੁਭਵ ਕਰਣ ਲੱਗ ਜਾਂਦੇ ਹਾਂ

੧੬.