ਪੰਨਾ:ਕਲਾ ਮੰਦਰ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ ਵਿਚ ਉਹ ਇਤਨੀ ਡਿਗ ਗਈ ਹੈ ਇਸ ਦਾ ਜ਼ਰੂਰ ਕੋਈ ਵੱਡਾ ਕਾਰਨ ਹੈ, ਇਸ ਨੇ ਜ਼ਰੂਰ ਕੋਈ ਅਜੇਹਾ ਅਕਹਿ ਅਪਰਾਧ ਕੀਤਾ ਹੈ ਕਿ ਇਹ ਇਤਨੀ ਆਪਦੇ ਮਨੋਂ ਲਹਿ ਗਈ ਏ।
ਕਵਲਾਂ :——————ਜੀ ਕਿਰਪਾ ਕਰਕੇ ਮੇਰਾ ਅਪਰਾਧ ਤੇ ਦੱਸ ਦਿਓ, ਮੈਂ ਕੋਈ ਅਜੇਹਾ ਕੁਕਰਮ ਚੋਰੀ ਯਾਰੀ ਆਦਿਕ ਨਹੀਂ ਕੀਤਾ, ਜਿਸ ਨਾਲ ਮੇਰੇ ਚਾਲ ਚਲਨ ਤੇ ਕਿਸੇ ਤਰ੍ਹਾਂ ਦਾ ਧੱਬਾ ਆਵੇ। ਹਾਂ,ਜੇ ਮੂੰਹ ਸੁਆਰ ੨ ਮਿਠੋਮਾਸੀ ਬਣ; ਮੈਂ ਗਲਾਂ ਨਹੀਂ ਕਰ ਸਕਦੀ ਤਾਂ ਇਸ ਵਿਚ ਮੇਰਾ ਕੋਈ ਕਸੂਰ ਨਹੀਂ, ਮੇਰਾ ਸੁਭਾੱ ਈ ਅਜੇਹਾ ਏ, ਮੈਂ ਜੋ ਕਹਿਣਾ ਹੁੰਦਾ ਏ, ਪਹਿਲੋਂ ਕਰਕੇ ਵਿਖਾ ਦੇਂਦੀ ਆਂ। ਮੈਥੋਂ ਇਹ ਨਹੀਂ ਹੋ ਆਉਂਦਾ ਕਿ ਤੁਹਾਡੇ ਪਲ ਭਰ ਦੇ ਜੀ ਸਰਸੇ ਕਰਨ ਲਈ ਵੇਹਲੀਆਂ ਫੜਾਂ ਪਈ ਮਾਰਾਂ,ਸਚ ਨੂੰ ਡੌਂਡੀ ਪਿੱਟਨ ਦੀ ਲੋੜ ਨਹੀਂ।
ਲਾਲ :——————ਚੰਗਾ ਹੁੰਦਾ ਜੇ ਅਜੇਹੀ ਨਾ ਈ ਜੰਮਦੀ।

ਸਿਆਮਪਤੀ :——————ਬਸ ਏਤਨੀ ਈ ਗੱਲ ਏ? ਇਹ ਤੇ ਕਿਸੇ ਦਾ ਸੁਭਾੱ ਕਿਵੇਂ, ਕਿਸੇ ਦਾ ਕਿਵੇਂ। ਮੈਂ ਕੁਝ ਹੋਰ ਈ ਸਮਝ ਬੈਠਾ ਸੀ। ਕਿਉਂ ਰਘਵੰਸ ਰਾਇ ਜੀ ਤੁਹਾਡੀ ਕੀ ਸਲਾਹ ਏ? ਓਹ ਪਿਆਰ ਦੀ ਸਾਂਝ ਨਹੀਂ ਜਿਸ ਸਾਂਝ ਵਿਚ ਮਾਇਆ ਪਦਾਰਥ ਦਾ ਸਵਾਲ ਆ ਜਾਵੇ, ਪਿਆਰ ਤਦ ਏ ਜੇ ਨਿਰੀ ਪਿਆਰ ਵਾਲੇ ਦੀ ਸੱਧਰ ਹੋਵੇ।

੩੭.