ਪੰਨਾ:ਕਲਾ ਮੰਦਰ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੋਕਰ ਲਗਾਣ, ਜਿਸਤਰ੍ਹਾਂ ਪਿਆਰ ਦੀ ਖਿੱਚ ਅਰ ਇਸ ਖਿੱਚ ਤੋਂ ਵਾਪਰੇ ਖੇਦ ਮਨੁੱਖ ਦੇ ਦਿਲ ਨੂੰ ਜ਼ਰੂਰ ਪੋਂਹਦੇ ਹਨ। ਇਸ ਲਈ ਵੇਖੋ ਜਿਤਨੇ ਵੀ ਕਿੱਸੇ ਕਹਾਣੀਆਂ ਪੜ੍ਹੀਦੇ ਹਨ ਬਹੁਤ ਕਰਕੇ ਇਨ੍ਹਾਂ ਵਿਚ ਪਿਆਰ ਦੀ ਰੰਗਤ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਬੇ-ਦੋਸ਼ੇ ਦੀ ਤਕਲੀਫ਼ ਜਾਂ ਕਿਸੇ ਮਨੁੱਖ ਤੇ ਉਸਦੀ ਥੋੜੀ ਜਿਹੀ ਗ਼ਲਤੀ ਪਿਛੇ ਅਕਹਿ ਕਸ਼ਟਾਂ ਵਿਚ ਫਸ ਜਾਣ ਦੀਆਂ ਵਿਥਿਆ ਜੋ ਕਿਸੇ ਜ਼ਾਲਮ ਦੇ ਜ਼ੁਲਮ ਤੋਂ ਉਪਜੇ ਦਰਦ-ਨਾਕ ਨਜ਼ਾਰੇ ਇਨਸਾਨੀ ਦਿਲ ਨੂੰ ਖੋਹ ਪਾਉਂਦੇ ਹਨ। ਸਰੀਰਕ ਪੀੜਾ ਨਾਲੋਂ ਮੰਨ ਦੀਆਂ ਪੀੜਾਂ ਅਕਸਰ ਵਧੇਰੇ ਦੁਖਦਾਈ ਹੁੰਦੀਆਂ ਹਨ, ਜਿਸਤਰ੍ਹਾਂ: ਚਿੰਤਾ, ਈਰਖਾ, ਪਛਤਾਵਾ, ਮਿੱਤਰ ਧਰੋਹ ਜਾਂ ਅਕ੍ਰਿਤਘਣਤਾ ਦਾ ਦੁੱਖ ਆਦਿ ਇਸ ਤੋਂ ਵੀ ਵਧੇਰੇ ਕਲੇਸ਼ ਮਨੁੱਖ ਦੀ ਆਪਣੀ ਦੁਚਿਤਾਈ ਦਾ ਹੁੰਦਾ ਹੈ। ਖ਼ਾਸ ਕਰ ਜਦੋਂ ਚਿਤ ਦੋ ਅਜਿਹੇ ਫ਼ਰਜ਼ਾਂ ਦੀ ਪਛਾਣ ਵਿਚ ਗ੍ਰਸਿਆ ਹੋਵੇ ਜਿਨ੍ਹਾਂ ਵਿਚੋਂ ਇਕ ਦਾ ਪੂਰਾ ਕਰਨਾ, ਦੂਜੇ ਦੀ ਵਿਰੋਧਤਾ ਕਰਦਾ ਹੋਵੇ ਉਦਾਹਰਨ ਮਾਤਰ ਇਕ ਤਰਫ਼ ਤਾਂ ਆਪਣੇ ਅਫ਼ਸਰ ਜਾਂ ਮਾਲਕ ਦੀ ਆਗਿਆ ਪਾਲਣ ਦਾ ਸਵਾਲ ਹੈ, ਦੂਜੀ ਤਰਫ਼ ਆਪਣੇ ਮਾਤਾ ਪਿਤਾ ਦੀ ਇੱਜ਼ਤ ਸਾਮ੍ਹਣੇ ਹੈ, ਕੰਮ ਦੋਵੇਂ ਹੀ ਸ਼ੁਭ ਹਨ। ਪਰ ਇਕ ਦਾ ਕਰਣਾ ਦੂਜੇ ਨੂੰ ਘਾਇਲ ਕਰਦਾ ਹੈ। ਉਸ ਹਾਲਤ ਵਿਚ ਮਨੁੱਖ ਦੀ ਦਸ਼ਾ ਨੂੰ ਅਨੁਭਵ ਕਰਨਾ ਅਤੀ ਹਿਰਦੇ ਵੇਦਕ ਹੁੰਦਾ ਹੈ।

੬.