ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ

ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ।
ਤੇਰੇ ਇਸ਼ਕ ਬਚਾਇਆ ਕਰ ਥਈਆ ਥਈਆ।

ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ।
ਭਰਕੇ ਜ਼ਹਿਰ ਪਿਆਲਾ ਮੈਂ ਪੀਤਾ।

ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ।
ਤੇਰੇ ਇਸ਼ਕ ਨਚਾਇਆ....

ਛੁਪ ਗਿਆ ਸੂਰਜ ਬਾਹਰ ਰਹਿ ਗਈਆ ਲਾਲੀ।
ਹੋਵਾਂ ਮੈਂ ਸਦਕੇ ਮੁੜ ਜੇ ਦੇ ਵਿਖਾਲੀ।
ਮੈਂ ਭੁੱਲ ਗਈਆਂ ਤੇਰੇ ਨਾਲ ਗਈਆਂ।
ਤੇਰੇ ਇਸ਼ਕ....

ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ।
ਇਹ ਸਿਰ ਆਇਆ ਏ ਮੇਰਾ ਹੇਠ ਵਦਾਨਾਂ।
ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦੱਈਆ।
ਤੇਰੇ ਇਸ਼ਕ ਨਚਾਇਆ.....

ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ।
ਲਾਹੂ ਜਾਂਦੜੇ ਬੋੜੇ ਮੋੜ ਕੌਣ ਹਟਾਏ।
ਮੇਰੀ ਅਕਲ ਭੁੱਲੀ ਨਾਲ ਮੁਹਾਣੀਆਂ ਦੇ ਗਈਆਂ।
ਤੇਰੇ ਇਸ਼ਕ ਨਚਾਇਆ.....

ਏਸ ਇਸ਼ਕੇ ਦੀ ਝੰਗੀ ਵਿੱਚ ਮੋਰ ਬੁਲੇਂਦਾ।
ਸਾਨੂੰ ਕਾਅਬਾ ਤੇ ਕਿਬਲਾ ਪਿਆਰਾ ਯਾਰ ਦਿਸੇਂਦਾ।
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ।

111