ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/17

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਪਣਾ ਦੱਸ ਟਿਕਾਣਾ


ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ।
ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁਟ ਖਾਣਾ।
ਕਰ ਲੈ ਚਾਵੜ ਚਾਰ ਦਿਹਾੜੇ, ਓੜਕ ਤੂੰ ਉਠ ਜਾਣਾ।
ਸ਼ਹਿਰ-ਖ਼ਮੋਸ਼ਾਂ ਦੇ ਚੱਲ ਵੱਸੀਏ, ਜਿਥੇ ਮੁਲਕ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕ-ਉਲ-ਮੌਤ ਮੁਹਾਣਾ।
ਇਨ੍ਹਾਂ ਸਭਨਾਂ ਥੀਂ ਏ, ਬੁਲਾ ਔਗੁਣਹਾਰ ਪੁਰਾਣਾ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ।

ਆਪਣੇ ਸੰਗ ਰਲਾਈਂ ਪਿਆਰੇ


ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ।
ਪਹਿਲੋਂ ਨੇਹੁੰ ਲਗਾਇਆ ਸੀ ਤੋਂ, ਆਪੇ ਚਾਈਂ ਚਾਈਂ।
ਮੈਂ ਪਾਇਆ ਏ ਕਿ ਤੁੱਧ ਲਾਇਆ, ਆਪਣੀ ਓੜ ਨਿਭਾਈਂ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ।
ਭੌਕਣ ਚੀਤੇ ਤੇ ਚਿਤਮਚਿੱਤੇ, ਭੌਕਣ ਕਰਨ ਅਦਾਈਂ।
ਪਾਰ ਤੇਰੇ ਜਤਰ ਚੜ੍ਹਿਆ, ਕੰਢੇ ਲੱਖ ਬਲਾਈਂ।
ਹੌਲ ਦਿਲੀ ਦਾ ਥਰ ਥਰ ਕੰਬਦਾ, ਬੇੜਾ ਪਾਰ ਲੰਘਾਈਂ।
ਕਰ ਲਈਂ ਬੰਦਗੀ ਰੱਬ ਸੱਚੇ ਦੀ, ਪਵਣ ਕਬੂਲ ਦੁਆਈਂ।
ਬੁਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ, ਘੁੰਗਟ ਖੋਲ੍ਹ ਵਿਖਾਈਂ।
ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ।

15