ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁਲ੍ਹਾ ਆਸ਼ਕ ਦੀ ਬਾਤ ਨਿਆਰੀ,
ਪ੍ਰੇਮ ਵਾਲਿਆਂ ਬੜੀ ਕਰਾਰੀ।
ਮੂਰਖ ਦੀ ਮੱਤ ਐਵੇਂ ਮਾਰੀ,
ਵਾਕ ਸੁਖ਼ਨ ਚੁੱਪ ਕੀਤਾ।
ਐਸਾ ਜਗਿਆ ਗਿਆਨ ਪਲੀਤਾ।

ਅੰਮਾਂ ਬਾਬੇ ਦੀ ਭਲਿਆਈ


ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।
ਅੰਮਾਂ ਬਾਬਾ ਚੋਰ ਧੁਰਾਂ ਦੇ, ਪੁੱਤਰ ਦੀ ਵਡਿਆਈ।
ਦਾਣੇ ਉੱਤੋਂ ਰੁੱਤ ਬਿਗੁੱਤੀ, ਘਰ ਘਰ ਪਈ ਲੜਾਈ।
ਅਸਾਂ ਕਹੀਏ ਤਦਾਂਹੀ ਜਾਲੇ, ਜਦੋਂ ਕਣਕ ਉਨ੍ਹਾਂ ਟਰਕਾਈ।
ਖਾਏ ਖੈਰਾ ਤੇ ਫਾਟੀਏ ਜੁੰਮਾ, ਉਲਟੀ ਦਸਤਕ ਲਾਈ।
ਬੁਲ੍ਹਾ ਤੋਤੇ ਮਾਰ ਬਾਗਾਂ ਥੀਂ ਕੱਢੇ, ਉੱਲੂ ਰਹਿਣ ਉਸ ਜਾਈ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।

ਇਹ ਅਚਰਜ ਸਾਧੋ ਕੌਣ ਲਖਾਵੇ


ਇਹ ਅਚਰਜ ਸਾਧੋ ਕੌਣ ਲਖਾਵੇ, ਛਿਨ ਛਿਨ ਰੂਪ ਕਿਤੇ ਬਣ ਆਵੇ।
ਮੱਕਾ ਲੰਕਾ ਸਹਿਦੇਵ ਕੇ, ਭੇਤ ਦੋਊ ਕੋ ਏਕ ਬਤਾਵੇ।
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੈ ਭਾਵੇਂ ਨਾਦ ਵਜਾਵੇ।
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ।
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ।
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ।
ਜਬ ਦੇਖੂੰ ਤਬ ਓਹੀ ਓਹੀ, ਬੁਲ੍ਹਾ ਸ਼ੌਹ ਹਰ ਰੰਗ ਸਮਾਵੇ।
ਇਹ ਅਚਰਜ ਸਾਧੋ ਕੌਣ ਕਹਾਵੇ, ਛਿਨ ਛਿਨ ਰੂਪ ਕਿਤੇ ਬਣ ਆਵੇ।

17