ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ।
ਹੁਣ ਹੋਇਉ ਸ਼ਕਲ ਜਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ।
ਬਣ ਹਾਫ਼ਜ਼ ਹਿਫ਼ਜ਼ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ।
ਫਿਰ ਨਿਅਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ।
ਬੁਲ੍ਹਾ ਬੀ ਬੁਹੜ ਦਾ ਬੋਇਆ ਸੀ, ਉਹ ਬਿਰਛ ਵੱਡਾ ਜਾਂ ਹੋਇਆ ਸੀ।
ਜਦ ਬਿਰਛ ਉਹ ਫ਼ਾਨੀ ਹੋਇਆ ਸੀ, ਫਿਰ ਰਹਿ ਗਿਆ ਬੀ ਅਕਾਰਾ ਏ।
ਇਕ ਅਲਫ ਪੜ੍ਹੋ ਛੁੱਟਕਾਰਾ ਏ।

ਇਕ ਟੂਣਾ ਅਚੰਭਾ ਗਾਵਾਂਗੀ

ਇਕ ਟੂਣਾ ਅਚੰਭਾ ਗਾਵਾਂਗੀ,
ਮੈਂ ਰੁੱਠਾ ਯਾਰ ਮਨਾਵਾਂਗੀ।
ਇਹ ਟੂਣਾ ਮੈਂ ਪੜ੍ਹ ਪੜ੍ਹ ਫੂਕਾਂ,
ਸੂਰਜ ਅਗਨ ਜਲਾਵਾਂਗੀ।
ਅੱਖੀਂ ਕਾਜਲ ਕਾਲੇ ਬਾਦਲ,
ਭਵਾਂ ਸੇ ਆਂਧੀ ਲਿਆਵਾਂਗੀ।
ਸਤ ਸਮੁੰਦਰ ਦਿਲ ਦੇ ਅੰਦਰ,
ਦਿਲ ਸੇ ਲਹਿਰ ਉਠਾਵਾਂਗੀ।
ਬਿਜਲੀ ਹੋ ਕਰ ਚਮਕ ਡਰਾਵਾਂ,
ਬਾਦਲ ਹੋ ਗਿਰ ਜਾਵਾਂਗੀ।
ਇਸ਼ਕ ਅੰਗੀਠੀ ਹਰਮਲ ਤਾਰੇ,
ਚਾਂਦ ਸੇ ਕਫ਼ਨ ਬਨਾਵਾਂਗੀ।
ਲਾ ਮਕਾਨ ਕੀ ਪਟੜੀ ਊਪਰ,
ਬਹਿ ਕੇ ਨਾਦ ਵਜਾਵਾਂਗੀ।
ਲਾਏ ਸੋ ਆਨ ਮੈਂ ਸ਼ਹੁ ਗਲ ਆਪਨੇ,
ਤਦ ਮੈਂ ਨਾਰ ਕਹਾਵਾਂਗੀ।
ਇਕ ਟੂਣਾ ਅਚੰਭਾ ਗਾਵਾਂਗੀ।

19