ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇ ਹਿਰਸ ਦਿਨੋਂ ਦਿਨ ਤਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ।
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ਕ ਸ਼ੁਬਹ ਦਾ ਖਾਵੇਂ।
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸੱਚਿਆਰ।
ਪੜ੍ਹ ਪੜ੍ਹ ਇਲਮ ਨਜੂਮ ਬਿਚਾਰੇਂ, ਗਿਣਦਾ ਰਾਸਾਂ ਬੁਰਜ ਸਤਾਰੇ।
ਪੜ੍ਹੇ ਅਜ਼ੀਮਤਾਂ ਮੰਤਰ ਝਾੜੇ, ਅਬਜਦ ਗਿਣੇ ਤਾਅਵੀਜ਼ ਸ਼ੁਮਾਰ।
ਇਲਮੋਂ ਪਏ ਕਜੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ।
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖ਼ੁਆਰ।
ਇਲਮੋਂ ਪਏ ਹਜ਼ਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ।
ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ।
ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ।
ਬਹੁਤਾ ਇਲਮ ਅਜ਼ਾਜ਼ੀਲੇ ਪੜ੍ਹਿਆ, ਭੁੱਗਾ ਝਾਹਾ ਓਸੇ ਦਾ ਸੜਿਆ।
ਗੱਲ ਵਿਚ ਤੌਕ ਲਾਅਨਤ ਦਾ ਪੜਿਆ, ਆਖ਼ਿਰ ਗਿਆ ਉਹ ਬਾਜ਼ੀ ਹਾਰ।
ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ।
ਘੁੰਮਣ ਘੇਰਾਂ ਦੇ ਵਿਚ ਅੜਿਆ, ਸ਼ਾਹ ਅਨਾਇਤ ਲਾਇਆ ਪਾਰ।
ਬੁੱਲ੍ਹਾ ਨਾ ਰਾਫ਼ਜ਼ੀ ਹੈ ਨਾ ਸੁੰਨੀ, ਆਲਮ ਫ਼ਾਜ਼ਲ ਨਾ ਆਲਮ ਜੁੰਨੀ।
ਇਕੋ ਚੜ੍ਹਿਆ ਇਲਮ ਲਦੂੰਨੀ, ਵਾਹਦ ਅਲਫ ਮੀਮ ਦਰਕਾਰ।

ਇਸ਼ਕ ਅਸਾਂ ਨਾਲ ਕੇਹੀ ਕੀਤੀ


ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ।ਟੇਕ।
ਦਿਲ ਦੀ ਵੇਦਨ ਕੋਈ ਨਾ ਜਾਣੇ, ਅੰਦਰ ਦੇਸ ਬਗਾਨੇ।
ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ।
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜ੍ਹਿਆ ਸੋ ਜਾਣੇ।
ਆਤਸ਼ ਇਸ਼ਕ ਫਰਾਕ ਤੇਰੇ ਨੇ,ਪਲ ਵਿਚ ਸਾੜ ਵਿਖਾਈਆਂ।
ਏਸ ਇਸ਼ਕ ਦੇ ਸਾੜੇ ਕੋਲੋਂ ਜੱਗ ਵਿਚ ਦਿਆਂ ਦੁਹਾਈਆਂ।
ਜਿਸ ਤਨ ਲੱਗੇ ਸੋ ਤਨ ਜਾਣੇ, ਦੂਜਾ ਕੋਈ ਨਾ ਜਾਣੇ।

22