ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਸ ਨਨਾਣਾਂ ਦੇਵਣ ਤਾਹਨੇ, ਮੁਸ਼ਕਲ ਭਾਰੀ ਪੁੰਨੀ।
ਬੁਲ੍ਹਾ ਸ਼ੌਹ ਸੱਤਾਰ ਸੁਣੀਂਦਾ, ਇਕ ਵੇਲਾ ਟਲ ਜਾਵੇ।
ਅਦਲ ਕਰੇ ਤਾਂ ਜਾਹ ਨਾ ਕਾਈ, ਫ਼ਜ਼ਲੋਂ ਬਖਰਾ ਪਾਵੇ।
ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ ਮਿਲ ਲਓ ਸਹੇਲੜੀਓ।
ਤੁਸਾਂ ਭੀ ਹੋਸੀ ਅੱਲਾ ਭਾਣਾ, ਨੀ ਮਿਲ ਲਉ ਸਹੇਲੜੀਓ।


ਸਭ ਇਕੋ ਰੰਗ ਕਪਾਹੀ ਦਾ


ਸਭ ਇਕੋ ਰੰਗ ਕਪਾਹੀ ਦਾ। ਟੇਕ।
ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ।
ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀਂ ਦਾ।
ਚੌਂਸੀ ਪੈਂਸੀ ਖੱਦਰ ਧੋਤਰ, ਮਲਮਲ ਖਾਸ਼ਾ ਇੱਕ ਸੂਤਰ।
ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ।
ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪਣੇ ਨਾਮ ਸਵੱਲੇ।
ਸੱਭਾ ਹਿੱਕਾਂ ਚਾਂਦੀ ਆਖੋ, ਕਣ-ਕਣ ਚੂੂੜਾ ਬਾਹੀਂ ਦਾ।
ਭੇਡਾਂ ਬਕਰੀਆਂ ਚਾਰਨ ਵਾਲਾ, ਊਠ ਮੱਝੀਆਂ ਦਾ ਕਰੇ ਸੰਭਾਲਾ।
ਰੂੜੀ ਉਤੇ ਗੱਦੋਂ ਚਾਰੇ, ਉਹ ਭੀ ਵਾਗੀ ਗਾਈਂ ਦਾ।
ਬੁਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨੈ, ਸ਼ਾਕਰ ਹੋ ਰਜ਼ਾਈ ਦਾ।
ਜੇ ਤੂੰ ਲੋੜੇ ਬਾਗ ਬਹਾਰਾਂ, ਚਾਕਰ ਰਹੁ ਅਰਾਈਂ ਦਾ।


ਸਾਈਂ ਛਪ ਤਮਾਸ਼ੇ ਨੂੰ ਆਇਆ


ਤੁਸੀਂ ਰਲ ਮਿਲ ਨਾਮ ਧਿਆਓ। ਟੇਕ।
ਲਟਕ ਸੱਜਣ ਦੀ ਨਾਹੀਂ ਛਪਦੀ, ਸਾਰੀ ਖ਼ਲਕਤ ਸਿੱਕਦੀ ਤੱਪਦੀ।
ਤੁਸੀਂ ਦੂਰ ਨਾ ਢੂੰਡਨ ਜਾਓ, ਤੁਸੀਂ ਰਲ ਮਿਲ ਨਾਮ ਧਿਆਉ।
ਰਲ ਮਿਲ ਸਈਓ ਆਤਣ ਪਾਓ, ਇਕ ਬੰਨੇ ਵਿਚ ਜਾ ਸਮਾਓ।

25