ਆਣ ਬਣੀ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ।
ਹੱਕ ਪਰਾਇਆ ਜਾਤੋ ਨਾਹੀਂ, ਖਾ ਕਰ ਭਾਰ ਉਠਾਵੇਂਗਾ।
ਫੇਰ ਨਾ ਆ ਕਰ ਬਦਲਾ ਦੇਸੇਂ, ਲਾਖੀ ਖੇਤ ਲੁਟਾਵੇਂਗਾ।
ਦਾਅ ਲਾ ਕੇ ਵਿਚ ਜਗ ਦੇ ਜੂਏ, ਜਿੱਤੇ ਦੁਮ ਹਰਾਵੇਂਗਾ।
ਜੈਸੀ ਕਰਨੀ ਵੈਸੀ ਭਰਨੀ, ਪਰੇਮ ਨਗਰ ਵਰਤਾਰਾ ਏ।
ਏਥੇ ਦੋਜ਼ਖ ਕੱਟ ਤੂੰ ਦਿਲਬਰ, ਅੱਗੇ ਖੁੱਲ੍ਹ ਬਹਾਰਾਂ ਏ।
ਕੇਸਰ ਬੀਜ ਜੋ ਕੇਸਰ ਜੰਮੇਂ ਲਸਣ ਬੀਜ ਠਗਾਵੇਂਗਾ।
ਕਰੋ ਕਮਾਈ ਮੇਰੇ ਭਾਈ, ਇਹੋ ਵਕਤ ਕਮਾਵਣ ਦਾ।
ਪੌਂ ਸਤਾਰਾਂ ਪੈਂਦੇ ਨੇ ਹੁਣ, ਦਾਅ ਨਾ ਬਾਜ਼ੀ ਹਾਰਣ ਦਾ।
ਉੱਜੜੀ ਖੇਡ ਛਪਣਗੀਆਂ ਨਰਦਾਂ, ਝਾੜੂ ਕਾਨ ਉਠਾਵੇਂਗਾ।
ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਈਆ ਈ।
ਟੇਡੀ ਪਗੜੀ ਆਕੜ ਚੱਲੇਂ, ਜੁੱਤੀ ਪੈਰ ਅੜਾਈਆ ਈ।
ਪਲਦਾ ਹੈਂ ਤੂੰ ਜਮ ਦਾ ਬੱਕਰਾ, ਆਪਣਾ ਆਪ ਕੁਹਾਵੇਂਗਾ।
ਪਲ ਦਾ ਵਾਸਾ ਵੱਸਣ ਏਥੇ, ਰਹਿਣ ਨੂੰ ਅੱਗੇ ਡੇਰਾ ਏ।
ਲੈ ਲੈ ਤੋਹਫ਼ੇ ਘਰ ਨੂੰ ਘੱਲੀ, ਇਹੋ ਵੇਲਾ ਤੇਰਾ ਏ।
ਓਥੇ ਹੱਥ ਨਾ ਲਗਦਾ ਕੁੱਝ ਵੀ, ਏਥੋਂ ਹੀ ਲੈ ਜਾਵੇਂਗਾ।
ਪੜ੍ਹ ਸਬਕ ਮੁਹੱਬਤ ਓਸੇ ਦਾ, ਤੂੰ ਬੇਮੂਜਬ ਕਿਉਂ ਡੁਬਨਾ ਏਂ।
ਪੜ੍ਹ ਪੜ੍ਹ ਕਿੱਸੇ ਮਗ਼ਜ਼ ਖਪਾਵੇਂ, ਕਿਉਂ ਖੁੱਭਣ ਵਿਚ ਖੁਭਨਾ ਏਂ।
ਹਰਫ਼ ਇਸ਼ਕ ਦਾ ਇਕੋ ਨੁੱਕਤਾ, ਕਾਹ ਕੋ ਊਠ ਲਦਾਵੇਂਗਾ।
ਭੁੱਖ ਮਰੇਂਦਿਆਂ ਨਾਮ ਅੱਲ੍ਹਾ ਦਾ, ਇਹੋ ਬਾਤ ਚੰਗੇਰੀ ਏ।
ਦੋਵੇਂ ਥੋਕ ਪੱਥਰ ਈਂ ਭਾਰੇ, ਔਖੀ ਜਿਹੀ ਇਹ ਫੇਰੀ ਏ।
ਆਣ ਬਣੀ ਜਦ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ।
ਅੰਮਾਂ ਬਾਬਾ ਬੇਟੀ ਬੇਟਾ, ਪੁੱਛ ਵੇਖਾਂ ਕਿਉਂ ਰੋਂਦੇ ਨੀ।
ਰੰਨਾਂ ਕੰਜਕਾਂ ਭੈਣਾਂ ਭਾਈ, ਵਾਰਸ ਆਣ ਖਲੋਂਦੇ ਨੀ।
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ, ਕਰ ਕੇ ਆਪ ਲੁਟਾਵੇਂਗਾ।
ਇਕ ਇਕੱਲਿਆਂ ਜਾਣਾ ਈ ਤੈੈਂ, ਨਾਲ ਨਾ ਕੋਈ ਜਾਵੇਗਾ।
ਖ਼ਵੇਸ਼ ਕਬੀਲਾ ਰੋਟਾਂ ਪਿੱਟਦਾ, ਰਾਹੋਂ ਹੀ ਮੁੜ ਆਵੇਗਾ।
ਸ਼ਹਿਰੋਂ ਬਾਹਰ ਜੰਗਲ ਵਿਚ ਵਾਸਾ, ਓਥੇ ਡੇਰਾ ਪਾਵੇਂਗਾ।
29