ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ।
ਕਿਤੇ ਬੇਸਿਰ ਚੂੜਾ ਪਾਓਗੇ, ਕਿਤੇ ਜੋੜਾ ਸ਼ਾਨ ਹੰਢਾਓਗੇ।
ਕਿਤੇ ਆਦਮ ਹੱਵਾ ਬਣ ਆਓਗੇ,ਕਦੀ ਮੈਥੋਂ ਵੀ ਭੁੱਲ ਜਾਈਦਾ।
ਬਾਹਰ ਜ਼ਾਹਰ ਡੇਰਾ ਪਾਇਉ, ਆਪੇ ਡੌਂ ਡੌਂ ਢੋਲ ਬਜਾਇਉ।
ਜਗ ਤੇ ਆਪਣਾ ਆਪ ਜਤਾਯੋ, ਫਿਰ ਅਬਦੁੱਲਾ ਦੇ ਘਰ ਧਾਈਦਾ।
ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ।
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ।
ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਚੜ੍ਹ ਕੇ ਨਾਦ ਵਜਾਵੇਂ।
ਮੱਕੇ ਦਾ ਬਣ ਹਾਜੀ ਆਵੇਂ, ਵਾਹ ਵਾਹ ਰੰਗ ਵਟਾਈਦਾ।
ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ।
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖ਼ੂਨ ਤੁਸੀਂ ਮੇਰੇ ਭਾਈ ਦਾ।
ਤੁਸੀਂ ਸਭਨੀ ਭੇਸੀਂ ਥੀਂਦੇ ਹੋ, ਆਪੇ ਮਧ ਹੋ ਆਪੇ ਪੀਂਦੇ ਹੋ।
ਮੈਨੂੰ ਹਰ ਜਾ ਤੁਸੀਂ ਦੁਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ।
ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ।
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ।
ਵਾਹ ਜਿਸ ਪਰ ਕਰਮ ਅਵੇਹਾ ਹੈ, ਤਸਦੀਕ ਉਹ ਵੀ ਤੈਂ ਜੇਹਾ ਹੈ।
ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ।
ਵਿੱਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਖਵਾਈਦਾ।
ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ।
ਬੇਲੀ ਅੱਲਾ ਵਾਲੀ ਮਾਲਕ ਹੋ, ਤੁਸੀਂ ਆਪਣੇ ਆਪ ਸਾਲਕ ਹੋ।
ਆਪੇ ਖ਼ਲਕਤ ਆਪੇ ਖ਼ਾਲਿਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ।
ਕਿਧਰੇ ਚੋਰ ਤੇ ਕਿਧਰੇ ਕਾਜ਼ੀ ਹੋ, ਕਿਤੇ ਮਿੰਬਰ ਤੇ ਬਹਿ ਵਾਅਜ਼ੀ ਹੋ।
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਅਪਣਾ ਕਟਕ ਚੜ੍ਹਾਈਦਾ।
ਆਪੇ ਯੂਸਫ਼ ਕੈਦ ਕਰਇਉ, ਯੂਨਸ ਮਛਲੀ ਤੋਂ ਨਿਗਲਾਇਉ।
ਸਾਬਰ ਕੀੜੇ ਘਤ ਬਹਾਇਉ, ਫੇਰ ਓਹਨਾਂ ਤਖ਼ਤ ਚੜ੍ਹਾਈਦਾ।
ਬੁਲ੍ਹਾ ਸ਼ਹੁ ਹੁਣ ਸਹੀ ਸੰਞਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ।
ਕਿਤੇ ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ।

32