ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਮੈਨੂੰ ਕੌਣ ਪਛਾਣੇ


ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ। ਟੇਕ।
ਹਾਦੀ ਮੈਨੂੰ ਸਬਕ ਪੜ੍ਹਾਇਆ, ਓਥੇ ਗ਼ੈਰ ਨਾ ਆਇਆ ਜਾਇਆ।
ਮੁਤਲਕ ਜ਼ਾਤ ਜਮਾਲ ਵਿਖਾਇਆ, ਵਹਦਤ ਪਾਇਆ ਨੀ ਸ਼ੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।
ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ।
ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ।
ਹੰਸਾਂ ਦੇ ਹੁਣ ਵੇਲ ਲੈ ਚਾਲੇ, ਬੁਲ੍ਹਾ ਕਾਗਾਂ ਦੀ ਭੁੱਲ ਗਈ ਟੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।


ਹੁਣ ਮੈਂ ਲੱਖਿਆ ਸੋਹਣਾ ਯਾਰ


ਹੁਣ ਮੈਂ ਲੱਖਿਆ ਸੋਹਣਾ ਯਾਰ,
ਜਿਸ ਦੇ ਹੁਸਨ ਦਾ ਗਰਮ ਬਜ਼ਾਰ। ਟੇਕ।
ਜਦ ਅਹਿਦ ਇਕ ਇਕੱਲਾ ਸੀ, ਨਾ ਹਾਜ਼ਰ ਕੋਈ ਤਜੱਲਾ ਸੀ।
ਨਾ ਰੱਬ ਰਸੂਲੇ ਨਾ ਅੱਲਾ ਸੀ, ਨਾ ਜੱਬਾਰ ਤੇ ਨਾ ਕਹਾਰ।
ਬੇਚੂਨ ਵ ਬੇਚੂਗੂਨਾ ਸੀ, ਬੇਸ਼ਬੀਯਾ ਬੇਨਮੂਨਾ ਸੀ।
ਨਾ ਕੋਈ ਰੰਗ ਨਾ ਨਮੂਨਾ ਸੀ, ਹੁਣ ਗੂਨਾਂ-ਗੂੰ ਹਜ਼ਾਰ।
ਪਿਆਰਾ ਪਹਿਨ ਪੋਸ਼ਾਕਾਂ ਆਇਆ ਆਦਮ ਆਪਣਾ ਨਾਮ ਧਰਾਇਆ।
ਅਹਿਦ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ।
ਕੁਨ ਕਿਹਾ ਫਯੀਕੂਨ ਕਹਾਇਆ, ਬੇਚੂਨੀ ਸੇ ਚੂਨ ਬਣਾਇਆ।
ਅਹਿਦ ਦੇ ਵਿਚ ਮੀਮ ਰਲਾਇਆ, ਤਾਂ ਕੀਤਾ ਐਡ ਪਸਾਰ।

33