ਉਛੱਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ।
ਕਿਸੇ ਆਸ਼ਕ ਨਾ ਸੁਖ ਸੌਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ।
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਥੀਸੀ ਨਿਰਵਾਰੇਗਾ।
ਜਬ ਦਾਰ ਉਪਰ ਸਿਰ ਵਾਰੇਗਾ, ਤੁਰ ਪਿੱਛੇ ਢੋਲ ਵਜਾਉਗੇ।
ਮੈਂ ਆਪਣਾ ਮਨ ਕਬਾਬ ਕੀਆ, ਆਂਖੋਂ ਕਾ ਅਰਕ ਸਰਾਬ ਕੀਆ।
ਰਗ ਤਾਰਾਂ ਹੱਡ ਰਬਾਬ ਕੀਆ, ਕਿਆਮਤ ਕਾ ਨਾਮ ਬੁਲਾਉਗੇ।
ਸ਼ਕਰੰਜੀ ਕੋ ਕਿਆ ਕੀਜੀਏਗਾ, ਮਨ ਪਾਣਾ ਸੌਦਾ ਲੀਜੀਏਗਾ।
ਇਹ ਦੀਨ ਦੁਨੀ ਕਿਸ ਦੀਜੀਏਗਾ, ਮੁਝੇ ਅਪਨਾ ਦਰਸ ਬਤਾਉਗੇ।
ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ।
ਬਣ ਰੋਜ਼ ਇਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ।
ਬੁਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ।
ਦੀਦਾਰ ਤਦਾਹੀਂ ਪਾਉਗੇ, ਬਣ ਸ਼ਾਹ ਅਨਾਇਤ ਘਰ ਆਉਗੇ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ
ਕਦੀ ਆ ਮਿਲ ਬਿਰਹੋਂ ਸਤਾਈ ਨੂੰ। ਟੇਕ।
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇ ਪੀੜ ਪਰਾਈ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
ਜੇ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
ਅਮਲਾਂ ਵਾਲੀਆਂ ਲੰਘ ਲੰਘ ਗਈਆਂ,
ਸਾਡੀਆਂ ਲੱਜਾਂ ਮਾਹੀ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
36