ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਥੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ।
ਤੇਰੀ ਵਹਦਤ ਤੂਏਂ ਪੁਚਾਵੇਂ, ਅਨਲਹੱਕ ਦੀ ਤਾਰ ਹਿਲਾਵੇਂ।
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ।
ਜਿਵੇਂ ਸਿਕੰਦਰ ਤਰਫ਼ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ।
ਯੂਸਫ਼ ਹੋ ਕੇ ਅੰਦਰ ਖੁਆਬਾਂ, ਜ਼ੁਲੈਖ਼ਾ ਦਾ ਦਿਲ ਖੱਸਦੇ ਹੋ।
ਕਿਤੇ ਰਮੀ ਹੋ ਕਿਤੇ ਜੰਗੀ ਹੋ, ਕਿਤੇ ਟੋਪੀ-ਪੋਸ਼ ਫ਼ਰੰਗੀ ਹੋ।
ਕਿਤੇ ਮੈ-ਖ਼ਾਨੇ ਵਿਚ ਭੰਗੀ ਹੋ, ਕਿਤੇ ਮਿਹਰ ਮਹਿਰੀ ਬਣ ਵੱਸਦੇ ਹੋ।
ਬੁਲ੍ਹਾ ਸ਼ਹੁ 'ਅਨਾਇਤ' ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ।
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਘੱਸਦੇ ਹੋ।

ਕੀ ਕਰਦਾ ਨੀ ਕੀ ਕਰਦਾ ਨੀ

ਕੀ ਕਰਦਾ ਨੀ ਕੀ ਕਰਦਾ ਨੀ, ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ। ਟੇਕ।
ਇਕਸੇ ਘਰ ਵਿਚ ਵੱਸਦਿਆਂ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ।
ਵਿਚ ਮਸੀਤ ਨਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।
ਆਪ ਇੱਕੋ ਕਈ ਲਖ ਘਰਾਂ ਦੇ, ਮਾਲਕ ਸਭ ਘਰ ਘਰ ਦਾ।
ਜਿਤ ਵਲ ਵੇਖਾਂ ਉੱਤ ਵਲ ਓਹੋ, ਹਰ ਦੀ ਸੰਗਤ ਕਰਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।
ਮੂਸਾ ਤੇ ਫ਼ਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ।
ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ।
ਕੋਈ ਪੁੱਛੇ ਖਾਂ ਦਿੱਲਬਰ ਕੀ ਕਰਦਾ
ਐਸੀ ਨਾਜ਼ਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ।
ਬੁਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।

41