ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਸ ਨਾ ਕਰਦੀ ਕੂ ਕੂ ਕੋਲੋਂ, ਕੂ ਕੂ ਅੰਦਰ ਮੋਈ।
ਜੋ ਕੁਝ ਕਰਸੀ ਅੱਲ੍ਹਾ ਭਾਣਾ, ਕਿਆ ਕੁਝ ਕਰਸੀ ਕੋਈ।
ਜੋ ਕੁਝ ਲੇਖ ਮੱਥੇ ਦਾ ਲਿਖਿਆ, ਮੈਂ ਉਸ ਤੇ ਸ਼ਾਕਰ ਹੋਈ।
ਆਸ਼ਕ ਬੱਕਰੀ ਮਾਸ਼ੂਕ ਕਸਾਈ, ਮੈਂ ਮੈਂ ਕਰਦੀ ਕੋਹੀ।
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ, ਤਿਉਂ ਤਿਉਂ ਮੋਈ ਮੋਈ।
ਬੁਲ੍ਹਾ ਸ਼ਾਹ ਅਨਾਇਤ ਕਰਕੇ, ਸ਼ੌੌਕ ਸ਼ਰਾਬ ਦਿੱਤੋਈ।
ਭਲਾ ਹੋਇਆ ਅਸੀਂ ਦੂਰੋਂ ਛੁੱਟੇ, ਨੇੜੇ ਆਣ ਲੱਧੋਈ।

ਕੀ ਬੇਦਰਦਾਂ ਸੰਗ ਯਾਰੀ

ਕੀ ਬੇਦਰਦਾਂ ਸੰਗ ਯਾਰੀ, ਰੋਵਣ ਅੱਖੀਆਂ ਜ਼ਾਰੋ ਜ਼ਾਰੀ।
ਸਾਨੂੰ ਗਏ ਬੇਦਰਦੀ ਛੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ।
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗਲ ਕਰ ਗਏ ਹੈਂਸਿਆਰੀ।
ਬੇਦਰਦਾਂ ਦਾ ਕੀ ਭਰਵਾਸਾ, ਖੋਫ ਨਹੀਂ ਦਿਲ ਅੰਦਰ ਮਾਸਾ।
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ।
ਆਵਣ ਕਹਿ ਗਏ ਫੇਰ ਨਾ ਆਏ, ਆਵਣ ਤੇ ਸਭ ਕੌਲ ਭੁਲਾਏ।
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬੁਪਾਰੀ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ, ਕੀਤਾ ਜ਼ਹਿਰ ਪਿਆਲਾ ਪੀਤਾ।
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ।
ਕੀ ਬੇਦਰਦਾਂ ਸੰਗ ਯਾਰੀ, ਰੋਵਣ ਅੱਖੀਆਂ ਜ਼ਾਰੋ ਜ਼ਾਰੀ।

ਕੇਹੇ ਲਾਰੇ ਦੇਨਾ ਏਂਂ ਸਾਨੂੰ,

ਕੇਹੇ ਲਾਰੇ ਦੇਨਾ ਏਂਂ ਸਾਨੂੰ, ਦੋ ਘੜੀਆਂ ਮਿਲ ਜਾਈਂ। ਟੇਕ।
ਨੇੜੇ ਵੱਸੋਂ ਥਾਂ ਨਾ ਦੱਸੇ, ਢੂੂੰੰਡਾਂ ਕਿਤ ਵਲ ਜਾਹੀਂ।
ਆਪੇ ਝਾਤੀ ਪਾਈ ਅਹਿਮਦ, ਵੇਖਾਂ ਤਾਂ ਮੁੜ ਨਾਹੀਂ।

43