ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਵਹਦਤ ਦੇ ਵਿਚ ਆਣਾ ਸੀ, ਕੁਲ ਜੁਜ਼ ਦਾ ਮੁਜ਼ਮਲ ਪਰ
ਕੁਨਫ਼ਯੀਕੂਨ ਆਵਾਜ਼ਾ ਦੇਂਦਾ, ਵਹਦਤ ਵਿਚੋਂ ਕਸਰਤ ਲੈਂਦਾ।
ਪਹਿਨ ਲਿਬਾਸ ਬੰਦਾ ਬਣ ਬਹਿੰਦਾ, ਕਰੋ ਬੰਦਗੀ ਮਸਜਦ ਵੜਦਾ ਏ।
ਰੋਜ਼ੇਮੀਸਾਕ ਅਲੱਸਤ ਸੁਣਾਵੇ, ਕਾਲੂਬਲਾ ਅਸ਼ਹਦ ਨਾ ਚਾਹਵੇ।
ਫਿਰ ਕੁਝ ਆਪਣਾ ਆਪ ਛੁਪਾਵੇ, ਉਹ ਗਿਣ ਗਿਣ ਵਸਤਾਂ ਧਰਦਾ ਏ।
ਗੁਰ ਅੱਲ੍ਹਾ ਆਪ ਕਹੇਂਂਦਾ ਏ, ਗੁਰ ਵਲੀ ਨਬੀ ਹੋ ਬਹਿੰਦਾ ਏ।
ਘਰ ਹਰ ਦੇ ਦਿਲ ਵਿਚ ਰਹਿੰਦਾ ਏ, ਉਹ ਖ਼ਾਲੀ ਭਾਂਡੇ ਭਰਦਾ ਏ।
ਬੁਲ੍ਹਾ ਸ਼ਹੁ ਨੂੰ ਘਰ ਵਿਚ ਪਾਇਆ, ਜਿਸ ਸਾਂਗੀ ਸਾਂਗ ਬਣਾਇਆ।
ਲੋਕਾਂ ਕੋਲੋਂ ਭੇਤ ਛੁਪਾਇਆ, ਉਹ ਦਰਸ ਪਿਰਮ ਦਾ ਪੜ੍ਹਦਾ ਏ।

ਘੜਿਆਲੀ ਦਿਓ ਨਿਕਾਲ ਨੀ


ਘੜਿਆਲੀ ਦਿਓ ਨਿਕਾਲ ਨੀ, ਅੱਜ ਪੀ ਘਰ ਆਇਆ ਲਾਲ ਨੀ। ਟੇਕ।
ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ।
ਮੇਰੇ ਮਨ ਦੀ ਬਾਤ ਜੇ ਪਾਵੇ, ਹੱਥੋਂ ਚਾ ਸੱਟੇ ਘੜਿਆਲ ਨੀ।
ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁੱਘੜਾਂ ਤਾਨ ਤਰਾਨਾ।
ਨਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮੱਧ ਪਿਆਲਾ ਦੇਣ ਕਲਾਲ ਨੀ।
ਮੁੱਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉਠ ਗਿਆ ਸਾਰਾ।
ਰੈਣ ਵਧੇ ਕੁਝ ਕਰੋ ਪਸਾਰਾ, ਦਿਨ ਅੱਗੇ ਧਰੋ ਦੀਵਾਲ ਨੀ।
ਮੈਨੂੰ ਆਪਣੀ ਖ਼ਬਰ ਨਾ ਕਾਈ, ਕਿਆ ਜਾਣਾ ਮੈਂ ਕਿਤ ਵਿਆਹੀ।
ਇਹ ਗੱਲ ਕਿਉਂਕਰ ਛਪੇ ਛਪਾਈ, ਹੁਣ ਹੋਇਆ ਫ਼ਜ਼ਲ ਕਮਾਲ ਨੀ।
ਟੂਣੇ ਕਾਮਣ ਕਰੇ ਬਥੇਰੇ, ਸਿਹਰੇ ਆਏ ਵੱਡ ਵਡੇਰੇ।
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇੇ ਇਹਦੇ ਨਾਲ ਨੀ।
ਬੁਲ੍ਹਾ ਸ਼ਹੁ ਦੀ ਸੇਜ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ।
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ।

45