ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਤਨ ਲਗਿਆ ਇਸ਼ਕ ਕਮਾਲ



ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ। ਟੇਕ।
ਦਰਦਮੰਦਾਂ ਨੂੰ ਕੋਈ ਨਾ ਛੇੜੇ, ਜਿਸਨੇ ਆਪੇ ਦੁੱਖ ਸਹੇੜੇ।
ਜੰਮਣਾ ਜੀਊਣਾ ਮੂਲ ਉਖੇੜੇ, ਬੂਝੇ ਆਪਣਾ ਆਪ ਖ਼ਿਆਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ।
ਜਦੋਂ ਹਜ਼ਰੋਂ ਪਿਆਲਾ ਪੀਤਾ, ਕੁਝ ਨਾ ਰਿਹਾ ਸਵਾਲ ਜਵਾਬ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।
ਜਿਸਦੇ ਅੰਦਰ ਵੱਸਿਆ ਯਾਰ, ਉੱਠਿਆ ਯਾਰੋ ਯਾਰ ਪੁਕਾਰ।
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ, ਬੇਸੁਰ ਤੇ ਬੇਤਾਲੇ।
ਬੁਲ੍ਹਿਆ ਸ਼ੌਹ ਨਗਰ ਸਚ ਪਾਇਆ, ਝੂਠਾ ਰੌਲਾ ਸਭ ਮੁਕਾਇਆ।
ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸਦਾ ਪਾਕ ਜਮਾਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।

ਚੱਲੋ ਦੇਖੀਏ ਉਸ ਮਸਤਾਨੜੇ ਨੂੰ



ਜਿਚਰ ਨਾ ਇਸ਼ਕ-ਮਜਾਜ਼ੀ ਲਾਗੇ, ਸੂਈ ਸੀਵੇ ਨਾ ਬਿਨ ਧਾਗੇ।
ਇਸ਼ਕ ਮਜਾਜ਼ੀ ਦਾਤਾ ਹੈ, ਜਿਸ ਪਿੱਛੇ ਮਸਤ ਹੋ ਜਾਤਾ ਹੈ।
ਇਸ਼ਕ ਜਿਨ੍ਹਾਂ ਦੀ ਹੱਡੀ ਪੈਂਦਾ, ਸੋਈ ਨਰ ਜੀਵਤ ਮਰ ਜਾਂਦਾ।
ਇਸ਼ਕ ਪਿਤਾ ਤੇ ਮਾਤਾ ਏ, ਜਿਸ ਪਿੱਛੇ ਮਸਤ ਹੋ ਜਾਤਾ ਏ।
ਆਸ਼ਕ ਦਾ ਤਨ ਸੁੱਕਦਾ ਜਾਏ, ਮੈਂ ਖੜੀ ਚੰਦ ਪਿਰ ਕੇ ਸਾਏ।
ਵੇਖ ਮਾਸ਼ੂਕਾਂ ਖਿੜ ਖਿੜ ਹਾਸੇ, ਇਸ਼ਕ ਬੇਤਾਲ ਪੜ੍ਹਾਤਾ ਹੈ।
ਜਿਸ ਤੇ ਇਸ਼ਕ ਇਹ ਆਇਆ ਹੈ, ਉਹ ਬੇਬਸ ਕਰ ਦਿਖਲਾਇਆ ਹੈ।
ਨਸ਼ਾ ਰੋਮ ਰੋਮ ਮੇਂ ਆਇਆ ਹੈ, ਇਸ ਵਿੱਚ ਨਾ ਰੱਤੀ ਓਹਲਾ ਹੈ।

48