ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇ ਮੈਂ ਸਦਕੇ ਹੋਵਾਂ ਦੇਵੇਂ ਮੁੜ ਜੇ ਵਖਾਈ।
ਪੀਰਾ ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਏਸ ਇਸ਼ਕੇ ਦੇ ਕੋਲੋਂ ਮੈਨੂੰ ਹਟਕ ਨਾ ਮਾਏ।
ਲਾਹੂ ਜਾਂਦੜੇ ਬੇੜੇ ਕਿਹੜਾ ਮੋੜ ਲਿਆਵੇ।
ਮੇਰੀ ਅਕਲ ਜੋ ਭੁੱਲੀ ਨਾਲ ਮੁਹਾਨਿਆ ਦੇ ਗਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਏਸੇ ਇਸ਼ਕੇ ਦੀ ਝੁਗੀ ਵਿਚ ਮੋਰ ਬੁਲੈਂਦਾ।
ਸਾਨੂੰ ਕਿਬਲਾ ਤੇ ਕਾਅਬਾ ਸੋਹਣਾ ਯਾਰ ਦਖੇਂਦਾ।
ਸਾਨੂੰ ਘਾਇਲ ਕਰਕੇ ਫਿਰ ਖ਼ਬਰ ਨਾ ਲਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਬੁਲ੍ਹਾ ਸ਼ੌਹ ਨੇ ਆਂਦਾ ਮੈਨੂੰ, ਅਨਾਇਤ ਦੇ ਬੂਹੇ।
ਜਿਸ ਨੇ ਮੈਨੂੰ ਪਵਾਏ ਚੋਲੇ ਸਾਵੇ ਤੇ ਸੂਹੇ।
ਜਾਂ ਮੈਂ ਮਾਰੀ ਹੈ ਅੱਡੀ ਮਿਲ ਪਿਆ ਹੈ ਵਹੀਆ।
ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ।

ਦਿਲ ਲੋਚੇ ਮਾਹੀ ਯਾਰ ਨੂੰ



ਦਿਲ ਲੋਚੇ ਮਾਹੀ ਯਾਰ ਨੂੰ
ਇਕ ਹੱਸ ਹੱਸ ਗੱਲਾਂ ਕਰਦੀਆਂ, ਇਕ ਰੋਂਦੀਆਂ ਪੈਂਦੀਆਂ ਮਰਦੀਆਂ।
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਹੇ ਮਾਹੀ ਯਾਰ ਨੂੰ।
ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਰਢ ਮਾਹੀ ਦਿਲ ਬਹਿ ਗਈ।
ਭਾਹ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਮੈਂ ਕਮਲੀ ਕੀਤੀ ਦੁਤੀਆਂ, ਦੁਖ ਘੇਰ ਚੁਫੇਰੋਂ ਲੀਤੀਆਂ।
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਬੁਲ੍ਹਾ ਸ਼ੌਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ।
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।

57