ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦਾ ਕਿਸ ਤੋਂ ਰਾਖੀਦਾ



ਪਰਦਾ ਕਿਸ ਤੋਂ ਰਾਖੀਦਾ, ਕਿਉਂ ਓਹਲੇ ਬਹਿ ਬਹਿ ਝਾਕੀਦਾ। ਟੇਕ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦੱਸਨਾ ਏਂ ਸਬਕ ਨਮਾਜ਼ੇ ਦਾ।
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀਦਾ।
ਸ਼ਾਹ ਸ਼ੱਮਸ ਦੀ ਖੱਲ ਲੁਹਾਇਓ, ਮਨਸੂਰ ਨੂੰ ਚਾ ਸੂਲੀ ਦਵਾਇਓ।
ਜ਼ਕਰੀਏ ਸਿਰ ਕਲਵੱੱਤਰ ਧਰਾਇਉ, ਕੀ ਲੇਖਾ ਰਹਿਆ ਬਾਕੀ ਦਾ।
ਕੁੰਨ ਕਿਹਾ ਫ਼ੈਯਕੂਨ ਕਹਾਇਆ, ਬੇ ਚੂਨੀ ਦਾ ਚੂਨ ਬਣਾਇਆ।
ਖ਼ਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੌਲਾਕੀ ਦਾ।
ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ।
ਕਿਤੇ ਬੁਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰੱਖਿਆ ਖ਼ਾਕੀ ਦਾ।

ਪੜਤਾਲਿਉ ਹੁਣ ਆਸ਼ਕ ਕਿਹੜੇ



ਪੜਤਾਲਿਉ ਹੁਣ ਆਸ਼ਕ ਕਿਹੜੇ। ਟੇਕ।
ਨੇਹੁੰ ਲੱਗਾ ਮਤ ਗਈ ਗਵਾਤੀ, ਨਾਹਨੋ-ਅਕਰਬ ਜ਼ਾਤ ਪਛਾਤੀ।
ਸਾਈਂ ਭੀ ਸ਼ਾਹ ਰੱਗ ਤੋਂ ਨੇੜੇ, ਪੜਤਾਲਿਉ ਹੁਣ ਆਸਕ ਕਿਹੜੇ।
ਹੀਰੇ ਤੂੰ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ।
ਚੁੱਕ ਗਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਲੈ ਬਰਾਤਾਂ ਰਾਹੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ।
ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਅਨਲਹੱਕ ਆਪ ਕਹਾਇਆ ਲੋਕਾ, ਮਨਸੂਰ ਨਾ ਦੇਂਦਾ ਆਪੇ ਹੋਕਾ।
ਮੁੱਲਾਂ ਬਣ ਬਣ ਆਵਣ ਨੇੜੇ, ਪਛਤਾਲਿਉ ਹੁਣ ਆਸ਼ਕ ਕਿਹੜੇ।
ਬੁਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਭੀ ਰਾਜ਼ੀ ਹੈ।
ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।

6੦