ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੂੰਘੀ ਨਦੀ ਤੇ ਤੁਲਾਹ ਪੁਰਾਣਾ, ਮਿਲਸਾਂ ਕਿਹੜੇ ਪੱਜ ਓ ਯਾਰ।
ਬੁਲ੍ਹਾ ਸ਼ੋਹ ਮੈਂ ਜ਼ਾਹਰ ਡਿਠਾ, ਲਾਹ ਮੂੰਹ ਤੋਂ ਲੱਜ ਓ ਯਾਰ।

ਬੱਸ ਕਰ ਜੀ ਹੁਣ ਬੱਸ ਕਰ ਜੀ



ਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ। ਟੇਕ।
ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ।
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵਲ ਜਾਸੋ ਨੱਸ ਕਰੋ ਜੀ।
ਤੁਸੀਂ ਮੋਇਆਂ ਮਾਰ ਨੂੰ ਨਾ ਮੁੱਕਦੇ ਸੀ, ਖਿੱਦੋ ਵਾਂਗ ਖੂੰਡੀ ਕੁੱਟਦੇ ਸੀ।
ਗੱਲ ਕਰਦਿਆਂ ਦਾ ਗੱਲ ਘੁੱਟਦੇ ਸੀ, ਹੁਣ ਤੀਰ ਲਗਾਇਓ ਕੱਸ ਕਰ ਜੀ।
ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ਼ ਦੇ ਜਕੜੇ ਹੋ।
ਤੁਸੀ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ।
ਬੁਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ।
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ।

ਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ



ਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ। ਟੇਕ।
ਨਾ ਸੂਹਾਂ ਨਾ ਕੰਮ ਬਖੇੜੇ, ਵੰਞੇ ਜਾਗਣ ਸੌਣ।
ਰਾਂਝੇ ਨੂੰ ਮੈ ਗਾਲੀਆਂ ਦੇਵਾਂ, ਮਨ ਵਿੱਚ ਕਰਾਂ ਦੁਆਈਂ।
ਮੈਂ ਤੇ ਰਾਂਝਾ ਇਕੋ ਕੋਈ, ਲੋਕਾਂ ਨੂੰ ਅਜ਼ਮਾਈਂ।
ਜਿਸ ਬੇਲੇ ਵਿਚ ਬੇਲੀ ਦਿੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ, ਜੰਗਲ ਵੱਲ ਨਾ ਜਾਈ।
ਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ।

64