ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਤਰ ਪਿਆਰੇ ਕਾਰਨ ਨੀ


ਮਿੱਤਰ ਪਿਆਰੇ ਕਾਰਨ ਨੀ, ਮੈਂ ਲੋਕ ਉਲ੍ਹਾਮੇਂ ਲੈਨੀ ਹਾਂ। ਟੇਕ।
ਲੱਗਾ ਨੇਹੁ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ।
ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ।
ਤੁਸੀਂ ਸਮਝਾਓ ਵੀਰੋ ਭੋਰੀ, ਰਾਂਝਣ ਵੈਂਦਾ ਮੈਥੋਂ ਚੋਰੀ।
ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨ ਬਹਿਨੀ ਹਾਂ।
ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰ ਜ਼ੋਰ ਦੇਵੇ ਤਨ ਘੇਰੇ।
ਦਾਰੂ ਦਰਦ ਨਾ ਬਾਝੋ ਤੇਰੇ, ਮੈਂ ਸੱਜਣਾਂ ਬਾਝ ਮਰੇਨੀ ਹਾਂ।
ਬੁਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ।
ਨਾਲ ਖੁਸ਼ੀ ਦੇ ਰੈਣ ਵਿਹਾਵੇ, ਨਾਲ ਖੁਸ਼ੀ ਦੇ ਰਹਿਨੀ ਹਾਂ।

ਮੁਰਲੀ ਬਾਜ ਉਠੀ ਅਣਘਾਤਾਂ


ਮੁਰਲੀ ਬਾਜ ਉਠੀ ਅਣਘਾਤਾਂ,
ਸੁਣ ਕੇ ਭੁੱਲ ਗਈਆਂ ਸਭ ਬਾਤਾਂ। ਟੇਕ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ।
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ।
ਹੁਣ ਮੈਂ ਚੰਚਲ ਮਿਰਗ ਫਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ।
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਤੂੰ ਚਾਰ ਰਕਾਤਾਂ।
ਬੂਹੇ ਆਣ ਖਲੋਤਾ ਯਾਰ ਬਾਬਲ ਪੁੱਜ ਪਿਆ ਤਕਰਾਰ।
ਕਲਮੇ ਨਾਲ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਫਾਤਾਂ।
ਬਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ।
ਬਾਵਰੀ ਹੋ ਤੁਸਾਂ ਵਲ ਧਾਈ, ਖੋਜੀਆਂ ਕਿਤ ਵਲ ਦਸਤ ਬਰਾਤਾਂ।

68