ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੂੰਹ ਆਈ ਬਾਤ ਨਾ ਰਹਿੰਦੀ ਏ



ਮੂੰਹ ਆਈ ਬਾਤ ਨਾ ਰਹਿੰਦੀ ਏ। ਟੇਕ।
ਝੂਠ ਆਖੇਂ ਤੇ ਕੁਝ ਬੱਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ।
ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜਿਹਬਾ ਕਹਿੰਦੀ ਏ।
ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ।
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ।
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ।
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਏ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਅਤੇ ਤਿਲਕਣਬਾਜ਼ੀ ਵਿਹੜਾ ਏ।
ਵੜ ਅੰਦਰ ਵੇਖੋ ਕਿਹੜਾ ਏ, ਬਾਹਰ ਖ਼ਫਤਣ ਪਈ ਢੁਡੇਂਦੀ ਏ।
ਏਥੇ ਲੇਖਾ ਪਾਉਂ ਪਸਾਰਾ ਏ, ਇਹਦਾ ਵੱਖਰਾ ਭੇਤ ਨਿਆਰਾ ਏ।
ਇਕ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ।
ਕਿਤੇ ਨਾਜ਼-ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ।
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈਆਂ ਸਹਿੰਦੀ ਏ।
ਜਦੋਂ ਜ਼ਾਹਰ ਹੋਏ ਨੂਰ ਹੁਰੀਂ, ਜਲ ਗਏ ਪਹਾੜ ਕੋਹ-ਤੂਰ ਹੁਰੀਂ।
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ, ਓਥੇ ਸ਼ੇਖੀ ਮੈਂਡੀ ਨਾ ਤੈੈਂਂਡੀ ਏ।
ਜੇ ਜ਼ਾਹਰ ਕਰਾਂ ਅਸਰਾਰ ਤਾਈਂ, ਸਭ ਭੁੱਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁਲੇ ਯਾਰ ਤਾਈਂ, ਏਥੇ ਮਖ਼ਫੀ ਗੱਲ ਸੋਦੇਂਦੀ ਏ।
ਅਸਾਂ ਪੜਿਆ ਇਲਮ ਤਹਿਕੀਕੀ ਏ, ਓਥੇ ਇਕੋ ਹਰਫ ਹਕੀਕੀ ਏ।
ਹੋਰ ਝਗੜਾ ਸਭ ਵਧੀਕੀ ਏ, ਐਵੇਂ ਰੌਲਾ ਪਾ ਪਾ ਬਹਿੰਦੀ ਏ।
ਬੁਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ।
ਪਰ ਵੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਪਈ ਦੁੱਖ ਸਹਿੰਦੀ ਏ।

69