ਮੇਰੇ ਕਿਉਂ ਚਿਰ ਲਾਇਆ ਮਾਹੀ
ਮੇਰੇ ਕਿਉਂ ਚਿਰ ਲਾਇਆ ਮਾਹੀ, ਨੀ ਮੈਂ ਉਸ ਤੋਂ ਘੋਲ-ਘੁਮਾਈ।
ਦਰਦ-ਫ਼ਰਾਕ ਬਥੇਰਾ ਕਰਿਆ, ਇਹ ਦੁੱਖ ਮੈਥੋਂ ਜਾਏ ਨਾ ਜਰਿਆ।
ਟਮਕ ਅਸਾਡੇ ਸਿਰ ਤੇ ਧਰਿਆ, ਡੋਈ ਬੁਗਚਾ ਲੋਹ ਕੜਾਹੀ।
ਜਾਗਦਿਆਂ ਮੈਂ ਘਰ ਵਿਚ ਮੁੱਠੀ, ਕਦੀ ਨਹੀਂ ਸਾਂ ਬੈਠੀ ਉੱਠੀ।
ਜਿਸ ਦੀ ਸਾਂ ਮੈਂ ਉਸੇ ਕੁੱਠੀ, ਕੀ ਕਰ ਲਈਆ ਬੇਪਰਵਾਹੀ।
ਬੁਲ੍ਹਾ ਸ਼ਹੁ ਤੇਰੇ ਵਾਰੀ, ਮੈਂ ਬਲਿਹਾਰੀ ਲੱਖ ਲੱਖ ਵਾਰੀ।
ਤੇਰੀ ਸੂਰਤ ਬਹੁਤ ਪਿਆਰੀ, ਮੈਂ ਵੇ ਬਿਚਾਰੀ ਘੋਲ ਘੁਮਾਈ।
ਮੇਰੇ ਮਾਹੀ ਦੇ ਪੰਜ ਪੀਰ ਪਨਾਹੀ, ਢੰਡਣ ਉਸ ਨੂੰ ਵਿਚ ਲੋਕਾਈ।
ਮੇਰੇ ਮਾਹੀ ਤੇ ਫ਼ਜ਼ਲ-ਇਲਾਹੀ, ਜਿਸ ਨੇ ਗੈਬੋਂ ਤਾਰ ਹਿਲਾਈ।
ਕੁਨਫਯੀਕੂਨ ਆਵਾਜ਼ਾ ਆਇਆ, ਤਖ਼ਤ ਹਜ਼ਾਰਿਉਂ ਰਾਂਝਾ ਧਾਇਆ।
'ਚੂਚਕ’ ਦਾ ਉਸ ਚਾਕ ਸਦਾਇਆ, ਉਹ ਆਹਾ ਸਾਹਿਬ ਸਫ਼ਾਈ।
ਚੱਲ ਰਾਂਝਾ ਮੁਲਤਾਨ ਚਲਾਹੇਂ, ਗੌਸ ਬਹਾਵਲ ਪੀਰ ਮਨਾ ਹੈਂ।
ਆਪਣੀ ਸੂਰਤ ਮੁਰਾਦ ਲਿਆਹੈਂ, ਮੇਰਾ ਜੀ ਰੱਬ ਮੌਲਾ ਚਾਹੀ।
ਜਿੱਥੇ ਇਸ਼ਕ ਡੇਰਾ ਘਤ ਬਹਿੰਦਾ, ਓਥੇ ਸਬਰ ਕਰਾਰ ਨਾ ਰਹਿੰਦਾ।
ਕੋਈ ਛੁੱਟਕਣ ਐਵੇਂ ਕਹਿੰਦਾ, ਗਲ ਪਈ ਪ੍ਰੇਮ ਦੀ ਫਾਹੀ।
ਆ ਜੰਞ ਖੇੜਿਆ ਦੀ ਚੱਕੀ, ਮੈਂ ਹੁਣ ਹੀਰ ਨਿਮਾਣੀ ਮੁੱਕੀ।
ਮੇਰੀ ਰੱਤ ਸਰੀਰੋਂ ਸੁੱਕੀ, ਵਲ ਵਲ ਮਾਰੇ ਬਿਰਹੋਂ ਖਾਈ।
ਖੇੜਾ ਫੁੱਲ ਘੋੜੇ ਤੇ ਚਾੜਿਆ, ਫੱਕਰ ਧੂੜ ਗਰਦ ਵਿਚ ਰਲਿਆ।
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕਿਹਾ ਸ਼ੋਰ ਮਚਾਯਾ।
ਮੈ ਮਾਹੀ ਨਜ਼ਰ ਨਾ ਆਇਆ, ਤਾਹੀਏਂ ਕੀਤੀ ਹਾਲ ਦੁਹਾਈ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤ ਪੋਸਤ ਬੇਰਾ-ਬੇਰਾ।
ਦਿਨ-ਹਸ਼ਰ ਦੇ ਕਰਮਾਂ ਝੇੜਾ, ਜਦ ਦੇਸੀ ਦਾਦ ਇਲਾਹੀ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝਾ ਮਾਹੀ ਭਾਇਆ।
ਧੱਕੋ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫ਼ਰਜ਼ ਅਦਾਈ।
71