ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਨਣ ਮੱਥੇ ਰਲਿਆ।
ਮਾਹੀ ਮੇਰਾ ਬੇਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ।
ਹੋਰ ਸੱਭੇ ਕੁਝ ਦੱਸਣ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ।
ਟਮਕ ਰਾਂਝਣ ਦੇ ਸਿਰ ਤੇ ਧਰਿਆ, ਮੋਢੇ ਬੁਗ਼ਚਾ ਲੋਹ ਕੜਾਹੀ।
ਟਮਕ ਸੁੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ।
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੋ ਸੇਰ ਸ਼ਾਹੀ।
ਗੁਰ ਗੋਰਖ ਨੂੰ ਪੀਰ ਮਨਾਵੇ, ਹੀਰੇ ਹੀਰੇ ਕਰ ਕੁਰਲਾਵੇ।
ਜਿਸ ਦੇ ਕਾਰਨ ਮੂੰਡ ਮੁੰਡਾਵੇ, ਉਹ ਮੂੰਹ ਪੀਲਾ ਜ਼ਰਦ ਮਲਾਹੀ।
ਜੋਗੀ ਜੋਗ ਸਿਧਾਰਨ ਆਇਆ, ਸਿਰ ਦਾੜ੍ਹੀ ਮੂੰਹ ਮੋਨ ਮਨਾਇਆ।
ਇਸ ਤੇ ਭਗਵਾ ਭੇਸ ਵਟਾਇਆ, ਕਾਲੀ ਸਿਹਲੀ ਗਲ ਵਿਚ ਪਾਈ।
ਜੋਗੀ ਸ਼ਹਿਰ ਖੇੜਿਆਂ ਦੇ ਆਵੇ, ਜਿਸ ਘਰ ਮਤਲਬ ਸੋ ਘਰ ਪਾਵੇ।
ਬੂਹੇ ਜਾ ਕੇ ਨਾਦ ਵਜਾਵੇ, ਆਪੇ ਹੋਇਆ ਫ਼ਜ਼ਲ ਇਲਾਹੀ।
ਬੂਹੇ ਪੈ ਖੁੜਬਿਆ ਧਝਾਣੇ, ਟੁੱਟ ਪਿਆ ਖੱਖਰ ਡੁੱਲ ਪੈ ਦਾਣੇ
ਇਸ ਦੇ ਵਲ ਛਲ ਕੌਣ ਪਛਾਣੇ, ਚੀਣਾ ਰੁਲ ਗਿਆ ਵਿਚ ਪਾਹੀ।
ਚੀਣਾ ਚੁਣ ਚੁਣ ਝੋਲੀ ਪਾਵੇ, ਬੈਠਾ ਹੀਰੇ ਤਰਫ਼ ਤਕਾਵੇ।
ਜੋ ਕੁਝ ਲਿਖਿਆ ਲੇਖ ਸੋ ਪਾਵੇ, ਰੋ ਰੋ ਲੜਦੇ ਨੈਣ ਸਿਪਾਹੀ।
ਇਹ ਗੱਲ ਸਹਿਤੀ ਨਣਦ ਪਛਾਤੀ, ਦੋਹਾਂ ਦੀ ਵੇਦਨ ਇੱਕੋ ਜਾਤੀ।
ਉਹ ਵੀ ਆਹੀ ਸੀ ਮਦਮਾਤੀ, ਓਥੇ ਦੋਹਵਾਂ ਸੱਥਰ ਪਾਹੀ।
ਬੁਲ੍ਹਾ ਸਹਿਤੀ ਫੰਦ ਮਚਾਇਆ, ਹੀਰ ਸਲੇਟੀ ਨਾਗ ਲੜਾਇਆ।
ਜੋਗੀ ਮੰਤਰ ਝਾੜਨ ਆਇਆ, ਦੁਹਾਂ ਦੀ ਆਸ ਮੁਰਾਦ ਪੁਚਾਈ।
ਮੇਰੇ ਘਰ ਆਇਆ ਪੀਆ ਹਮਰਾ
ਮੇਰੇ ਘਰ ਆਇਆ ਪੀਆ ਹਮਰਾ। ਟੇਕ।
ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਲਹਦ ਬਾਂਸਰੀ ਦੀ ਘੰਘੋਰ।
ਅਸਾਂ ਹੁਣ ਪਾਇਆ ਤਖ਼ਤ-ਲਾਹੌਰ, ਮੇਰੇ ਘਰ ਆਇਆ ਪੀਆ ਹਮਰਾ।
ਜਲ ਗਏ ਮੇਰੇ ਖੋਟ ਨਿਖੋਟ, ਲੱਗ ਗਈ ਪ੍ਰੇਮ ਸੱਚੇ ਦੀ ਚੋਟ।
ਹੁਣ ਸਾਨੂੰ ਓਸ ਖ਼ਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਰਾ।
72