ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੈੜਾ ਲਾਇਆ।
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬ ਧਾੜੇ ਧੜਦਾ ਹਾਂ।
ਨਾ ਨਾਲ ਮੇਰੇ ਉਹ ਰੱਜਦਾ ਏ, ਨਾ ਮਿੰਨਤ ਕੀਤੀ ਸੱਜਦਾ ਏ।
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ।
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਰਾਵੇ ਕੁੜਦਾ ਹਾਂ।
ਬੁਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜੱਗ ਬੀਚ ਨਾ ਲੱਗਦੀ ਕਾਈ।
ਉਰਾਰ ਪਾਰ ਦੀ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤੁਰਦਾ ਹਾਂ।
ਮੈਂ ਗੱਲ ਓਥੇ ਦੀ ਕਰਦਾ ਹਾਂ, ਪਰ ਗੱਲ ਕਰਦਾ ਵੀ ਡਰਦਾ ਹਾਂ।

ਮੈਂ ਚੂੜ੍ਹੇਟਰੀ ਆਂ


ਮੈਂ ਚੂੜ੍ਹੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ। ਟੇਕ।
ਧਿਆਨ ਦੀ ਛੱਜਲੀ ਗਿਆਨ ਦਾ ਝਾੜੂ, ਕਾਮ ਕ੍ਰੋਧ ਨਿੱਤ ਝਾੜੂ।
ਮੈਂ ਚੁੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
ਕਾਜ਼ੀ ਜਾਣੇ ਹਾਕਮ ਜਾਣੇ ਫ਼ਾਰਗ਼ਖ਼ਤੀ ਬੇਗਾਰੋਂ।
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੋਂ।
ਰੁੱਧ ਬਾਝੋਂ ਮੇਰਾ ਹੋਰ ਨਾ ਕੋਹੀ, ਕੈਂ ਵੱਲ ਨੂੰ ਪੁਕਾਰੋਂ।
ਬੁਲ੍ਹਾ ਸ਼ਹੁ ਅਨਾਇਤ ਕਰਕੇ ਬਖ਼ਰਾ ਮਿਲੇ ਦੀਦਾਰੋਂ।

ਮੈਂ ਚੂਹਰੇਟੜੀ ਹਾਂ


ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰੋਂ। ਟੇਕ।
ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ।
ਤੜਬਰਾਟ ਕੁਝ ਬਣਦਾ ਨਹੀਂ ਕੀ ਲੈਸਾਂ ਸੰਸਾਰੋਂ।

76