ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਪਕੜਾਂ ਛੱਜਲੀ ਹਿਰਸ ਉਡਾਵਾਂ ਛੁੱਟਾਂ ਮਾਲ ਗੁਜ਼ਾਰੋਂ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ।
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ।
ਗੁਰੂ ਪੀਰ ਦੀ ਪਰਖ ਅਸਾਨੂੰ ਸਭਨਾਂ ਤੋਂ ਸਿਰ ਵਾਰੋਂ।
ਘੁੰਡ ਮੁੰਡੀ ਦਾ ਬੁਹਲ ਬਣਾਇਆ,ਬਖ਼ਰਾ ਲਿਆ ਦੀਦਾਰੋਂ।
ਝੰਡ ਮੁੱਖ ਪੀਆ ਤੋਂ ਲਾਹਿਆ, ਸ਼ਰਮ ਰਹੀ ਦਰਬਾਰੋਂ।
ਬੁਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬੇਰਾਰੋਂ।

ਮੈਨੂੰ ਇਸ਼ਕ ਹੁਲਾਰੇ ਦੇਂਦਾ


ਮੈਨੂੰ ਇਸ਼ਕ ਹੁਲਾਰੇ ਦੇਂਦਾ, ਮੂੰਹ ਚੜਿਆ ਯਾਰ ਬੁਲੈਂਦਾ।
ਪੁੱਛਦਾ ਹੈਂ ਕੀ ਜ਼ਾਤ ਸੱਫਾੜ ਸਾਡੀ, ਉਹੋ ਆਦਮ ਵਾਲੀ ਮੀਜ਼ਾ ਮੇਰੀ।
ਨਹਨ-ਅਕਰਬ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝਲੈਂਦਾ।
ਕਿਤੇ ਸ਼ਈਆ ਏ ਕਿਤੇ ਸੁੰਨੀ ਏ,ਕਿਤੇ ਜਟਾਧਾਰੀ ਕਿਤੇ ਮੁੰਨੀ ਏ।
ਮੇਰੀ ਸਭ ਸੇ ਫ਼ਾਰਗ਼ ਚੁੰਨੀ ਏ,ਜੋ ਕਹਾਂ ਸੋ ਯਾਰ ਮਨੇਂਦਾ।
ਬੁਲ੍ਹਾ ਦੂਰੋਂ ਚੱਲ ਕੇ ਆਇਆ ਸੀ,ਉਹਦੀ ਸੂਰਤ ਨੇ ਭਰਮਾਇਆ ਜੀ।
ਉਸੇ ਪਾਕ ਜਮਾਲ ਵਿਖਾਇਆ ਜੀ,ਉਹ ਇੱਕ ਦਮ ਨਾ ਭੁਲੈਂਦਾ।

ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ


ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ,ਕੋਈ ਕਰੇ ਅਸਾਂ ਨਾਲ ਬਾਤਾਂ ਨੀ। ਟੇਕ।
ਭੁੱਲੇ ਰਹੇ ਨਾਮ ਨਾ ਜਪਿਆ,ਗ਼ਫ਼ਲਤ ਅੰਦਰ ਯਾਰ ਹੈ ਛਪਿਆ।
ਉਹ ਸਿੱਧੁ ਪੁਰਖਾ ਤੇਰੇ ਅੰਦਰ ਧਸਿਆ,ਲਗੀਆਂ ਨਫ਼ਸ ਦੀਆ ਚਾਟਾਂ ਨੀ।
ਜਪ ਲੈ ਨਾ ਹੋ ਭੋਲੀ ਭਾਲੀ,ਮਤ ਤੂੰ ਸੱਦਏਂ ਮੁੱਖ ਮੁਕਾਲੀ।
ਉਲਟੀ ਪਰੇਮ ਨਗਰ ਦੀ ਚਾਲ, ਭੜਕਣ ਇਸ਼ਕ ਦੀਆਂ ਲਾਟਾਂ ਨੀ।
ਭੋਲੀ ਨਾ ਹੋ ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ।

77