ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ।
ਬੁਲਾ ਰੱਬ ਬਣ ਬੈਠੋਂ ਆਪੇ, ਤਦ ਦੁਨੀਆਂ ਦੇ ਪਏ ਸਿਆਪੇ।
ਦੂਤੀ ਵਿਹੜੇ ਦੁਸ਼ਮਨ ਮਾਪੇ, ਸਭ ਕੜਕ ਪਈਆਂ ਆਫ਼ਾਤਾਂ ਨੀ।

ਮੈਂ ਪੇ ਪੜ੍ਹਿਆਂ ਤੋਂ

ਮੈਂ ਪੇ ਪੜ੍ਹਿਆਂ ਤੋਂ ਨੱਸਨਾ ਹਾਂ, ਮੈਂ ਪੇ ਪੜ੍ਹਿਆਂ ਤੋਂ ਨੱਸਨਾਂ ਹਾਂ। ਟੇਕ।
ਕੋਈ ਮੁਨਸਫ਼ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ।
ਆਲਮ ਫ਼ਾਜ਼ਲ ਮੇਰੇ ਭਾਈ, ਪੇ ਪੜ੍ਹਿਆਂ ਮੇਰੀ ਅਕਲ ਗਵਾਈ।
ਦੇ ਇਸ਼ਕ ਹੁਲਾਰੇ ਤਾਂ ਮੈਂ ਦੱਸਨਾਂ ਹਾਂ।

ਮੁੱਲਾਂ ਮੈਨੂੰ ਮਾਰਦਾ ਈ

ਮੁੱਲਾਂ ਮੈਨੂੰ ਮਾਰਦਾ ਈ, ਮੁੱਲਾਂ ਮੈਨੂੰ ਮਾਰਦਾ ਈ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫ਼ੋ ਅੱਗੇ ਕੁਝ ਨਾ ਆਇਆ।
ਉਹ ਬੇ ਈ ਬੇ ਪੁਕਾਰਦਾ ਈ, ਮੁੱਲਾਂ ਮੈਨੂੰ ਮਾਰਦਾ ਈ।

ਮੈਂ ਵਿਚ ਮੈਂ ਨਾ ਰਹਿ ਗਈ

ਮੈਂ ਵਿਚ ਮੈਂ ਨਾ ਰਹਿ ਗਈ, ਜਬ ਕੀ ਪੀਆ ਸੰਗ ਪੀੜ ਲਗਾਈ।
ਜਦ ਵਸਲ ਵਸਾਲ ਬਣਾਏਗਾ, ਤਦ ਗੂੰਗੇ ਦਾ ਗੁੜ ਖਾਏਗੀ।
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ।
ਹੋਏ ਨੈਣ ਨੈਣਾਂ ਦੇ ਬਰਦੇ, ਦਰਸ਼ਨ ਸੈ ਕੋਹਾਂ ਤੇ ਕਰਦੇ।
ਪਲ ਪਲ ਦੌੜਨ ਮਾਰੇ ਡਰ ਦੇ, ਤੈਂ ਕੋਈ ਲਾਲਚ ਘਾਤ ਭਰਮਾਈ।
ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ।

78