ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ।
ਲਾਂ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ।
ਮਾਏ ਨੀ ਇਕ ਜੋਗੀ ਆਇਆ, ਦਰ ਸਾਡੇ ਉਸ ਧੂਆਂ ਪਾਇਆ।
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ।
ਤਾਅਨੇ ਨਾ ਦੇ ਫੁਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ।
ਹੁਣ ਹੋਇਆ ਫ਼ਜ਼ਲ ਕਮਾਲ, ਆਇਆ ਹੈ ਜੋਗ ਸਿਧਾ ਕੇ।
ਮਾਹੀ ਨਹੀਂ ਕੋਈ ਨੂਰ-ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ।
ਮੁਠੀਉਸੁ ਹੀਰ ਸਿਆਲ, ਡਾਹਡੇ ਮਣ ਪਾ ਕੇ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ।
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ।
ਆਬਦਾ ਰਸੂਲ ਕਹਾਇਆ, ਵਿਚ ਮੁਅਰਾਜ ਬੁਰਾਕ ਮੰਗਾਇਆ।
ਜਬਰਾਈਲ ਪਕੜ ਲੈ ਆਇਆ, ਹੁਰਾਂ ਮੰਗਲ ਗਾ ਕੇ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ-ਹੁਸੈਨ ਨਬੀ ਦੇ ਪਿਆਰੇ।
ਮਾਰਿਓਸੁ ਵਿਚ ਜੱਦਾਲ, ਪਾਣੀ ਬਿਨ ਤਰਸਾ ਕੇ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ।
ਫਿਰ ਰਲਿਆ ਮਹੀਂਵਾਲ, ਸਾਰਾ ਰਖ਼ਤ ਲੁਟਾ ਕੇ।
ਡਾਵਾਂ ਡੋਲੀ ਲੈ ਚੱਲੇ ਖੇੜੇ, ਮੁਢ ਕਦੀਮੀ ਦੁਸ਼ਮਨ ਜਿਹੜੇ।
ਰਾਂਝਾ ਤਾਂ ਹੋਇਆ ਨਾਲ, ਸਿਰ ਤੇ ਟੰਮਕ ਚਾ ਕੇ।
ਜੋਗੀ ਨਹੀਂ ਕੋਈ ਜਾਦੂ ਸਾਇਆ, ਭਰ ਭਰ ਪਿਆਲਾ ਜ਼ੋਕ ਪਿਲਾਇਆ।
ਮੈਂ ਪੀ ਪੀ ਹੋਈ ਨਿਹਾਲ, ਅੰਗ ਬਿਭੂਤੇ ਰਮਾ ਕੇ।
ਜੋਗੀ ਨਾਲ ਕਰੇਂਦੇ ਝੇੜੇ, ਕੇਹੇ ਪਾ ਬੈਠੇ ਕਾਜ਼ੀ ਘੇਰੇ।
ਵਿਚ ਕੈਦੋ ਪਾਈ ਮੁਕਾਲ, ਕੂੜਾ ਦੋਸ਼ ਲਗਾ ਕੇ।
ਬੁਲ੍ਹਾ ਮੈਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ।
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ।

80