ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਲ੍ਹੇ ਸ਼ਾਹ ਕੋਈ ਵਸਤ ਵਿਹਾਜ ਲੈ।
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ।

ਵੱਤ ਨਾ ਕਰਸਾਂ ਮਾਣ


ਵੱਤ ਨਾਂ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ। ਟੇਕ।
ਇਸ਼ਕ ਅੱਲਾ ਦੀ ਜ਼ਾਤ ਲੋਕਾਂ ਦਾ ਮਿਹਣਾ।
ਕਿਹਨੂੰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ।
ਓਸੇ ਦੀ ਗੱਲ ਓਹੋ ਜਾਣੇ।
ਕੌਣ ਕੋਈ ਦਮ ਮਾਰਦਾ ਵੇ ਅੜਿਆ।
ਅੱਜ ਅਜੋਕੜੀ ਰਾਤ ਮੇਰੇ ਘਰ ਰਹੀਂ ਖਾਂ ਵੇ ਅੜਿਆ।
ਦਿਲ ਦੀਆਂ ਘੁੰਡੀਆਂ ਖੋਲ ਅਸਾਂ ਨਾਲ ਹੱਸ ਖਾਂ ਵੇ ਅੜਿਆ।
ਦਿਲਬਰ ਯਾਰ ਇਕਰਾਰ ਕੀਤੋਈ।
ਕੀ ਇਤਬਾਰ ਸੋਹਣੇ ਯਾਰ ਦਾ ਵੇ ਅੜਿਆ।
ਜਾਨ ਕਰਾਂ ਕੁਰਬਾਨ ਭੇਤ ਨਾਹੀਂ ਦੱਸਨਾ ਏਂ ਵੇਂ ਅੜਿਆ।
ਢੂੰਡਾਂ ਤਕੀਏ ਦੁਆਰੇ ਮੈਥੋਂ ਉੱਠ ਨੱਸਨਾ ਏਂ ਅੜਿਆ।
ਰਲ ਮਿਲ ਸਈਆਂ ਪੁੱਛਦੀਆਂ ਫਿਰਦੀਆਂ।
ਹੋਇਆ ਵਕਤ ਭੰਡਾਰ ਦਾ ਵੇ ਅੜਿਆ।
ਹਿਕ ਕਰਦੀਆਂ ਖ਼ੁਦੀ ਹੰਕਾਰ, ਉਹਨਾਂ ਨੂੰ ਤਾਰਨੈ ਵੇ ਅੜਿਆ।
ਇਕ ਪਿੱਛੇ ਫਿਰਨ ਖੁਆਰ, ਸੜੀਆਂ ਨੂੰ ਸਾੜਨੈਂ ਵੇ ਅੜਿਆ।
ਮੈਂਡੇ ਸੋਹਣੇ ਯਾਰ ਵੇ।
ਕੀ ਇਤਬਾਰ ਤੇਰੇ ਪਿਆਰ ਦਾ ਵੇ ਅੜਿਆ।
ਚਿੱਕੜ ਭਰੀਆਂ ਨਾਲ ਨਿੱਤ ਝੂਬਰ ਘੱਤਨਾ ਏਂ ਵੇ ਅੜਿਆ।
ਲਾਇਆ ਮੈਂ ਹਾਰ ਸ਼ਿੰਗਾਰ ਮੈਥੋਂ ਉੱਠ ਨੱਸਨਾ ਏਂ ਵੇ ਅੜਿਆ।
ਬੁਲ੍ਹਾ ਸ਼ਹੁ ਘਰ ਆਓ ਪਿਆਰੇ।
ਹੋਇਆ ਵਕਤ ਦੀਦਾਰ ਦਾ ਵੇ ਅੜਿਆ।

83