ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲ ਪਰਦੇ ਵਿਚ ਪਾਇਆ ਯਾਰ


ਵੱਲ ਪਰਦੇ ਵਿਚ ਪਾਇਆ ਯਾਰ, ਆਪੇ ਮੇਲ ਮਿਲਾਇਆ ਏ।
ਹੁਣ ਮੈਂ ਮੋਈ ਨੀ ਮੇਰੀਏ ਮਾਂ, ਮੇਰੀ ਪੁਣੀ ਲੈ ਗਿਆ ਕਾਂ।
ਪਿੱਛੇ ਡੌਂ ਡੌਂ ਕਰਦੀ ਜਾਂ, ਜਿਸ ਮੇਰਾ ਵਤਨ ਛੁਡਾਯਾ ਏ।
ਕਾਵਾਂ ਪੂਣੀ ਦਈਂ ਪੀਆ ਦੇ ਨਾਂ, ਤੇਰੀਆਂ ਮਿੰਨਤਾਂ ਕਰਦੀ ਹਾਂ।
ਜ਼ਰਬਾਂ ਤੇਰੀਆਂ ਜਰਨੀ ਹਾਂ, ਜਿਸ ਮੈਨੂੰ ਦੂਰ ਕਰਾਇਆ ਏ।
ਹੁਣ ਮੈਨੂੰ ਭਲਾ ਨ ਲੱਗਦਾ ਸ਼ੋਰ, ਮੈਂ ਘਰ ਖਿੜਿਆ ਸ਼ਗੁਫਾ ਹੋਰ।
ਬੇ ਨਾ ਤੇ ਨਾ ਸੇ ਨਾ ਹੋਰ, ਇੱਕੋ ਅਲਫ਼ ਪੜ੍ਹਾਇਆ ਏ।
ਹੁਣ ਮੈਨੂੰ ਮਜਨੂ ਆਖੋ ਨਾ, ਦਿਨ ਦਿਨ ਲੈਲਾ ਹੁੰਦਾ ਹਾਂ।
ਡੇਰਾ ਯਾਰ ਬਣਾਏ ਤਾਂ, ਇਹ ਤਨ ਬੰਗਲਾ ਬਣਾਇਆ ਏ।
ਬੁਲ੍ਹਾ ਅਨਾਇਤ ਕਰੇ ਹਜ਼ਾਰ, ਇਹੋ ਕੌਲ ਇਹੋ ਤਕਰਾਰ।
ਵੱਲ ਪਰਦੇ ਵਿੱਚ ਪਾਇਆ ਯਾਰ, ਆਪੇ ਮੇਲ ਮਿਲਾਇਆ ਏ।

ਵਾਹ ਸੋਹਣਿਆਂ ਤੇਰੀ ਚਾਲ ਅਜਾਇਬ

ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
ਆਪੇ ਜ਼ਾਹਿਰ ਆਪੇ ਬਾਤਨ, ਆਪੇ ਲੁੱਕ ਲੁੱਕ ਬਹਿੰਦੇ ਓ।
ਆਪੇ ਮੁੱਲਾਂ ਆਪੇ ਕਾਜ਼ੀ, ਆਪੇ ਇਲਮ ਪੜ੍ਹੇਂਦੇ ਓ।
ਘੱਤ ਜ਼ੁੱਨਾਰ ਕੁਫਰ ਦਾ ਗਲ ਵਿਚ, ਬੁਤਖ਼ਾਨੇ ਵੜ ਬਹਿੰਦੇ ਓ।
ਲੌਲਾਕ-ਲਮਾ-ਅਫ਼ਲਾਕ ਵਿਚਾਰੋ, ਆਪੇ ਧੁੰਮ ਮਚੇਂਦੇ ਓ।
ਜ਼ਾਤ ਤੋਂ ਹੈ ਅਸ਼ਰਾਫ਼ ਰੰਝੇਟਾ, ਲਾਈਆਂ ਦੀ ਲਾਜ ਰਖੇਂਦੇ ਓ।
ਬੁਲ੍ਹਾ ਸ਼ਹੁ ਅਨਾਇਤ ਮੈਨੂੰ, ਪਲ ਪਲ ਦਰਸ਼ਨ ਦੇਂਦੇ ਓ।

84