ਇਹ ਸਫ਼ਾ ਪ੍ਰਮਾਣਿਤ ਹੈ
ਇਸ਼ਕ ਫ਼ਕੀਰਾਂ ਦੀ ਟੋਹਣੀ
ਇਹ ਵਸਤ ਅਗੋਚਰ ਜੋਹਣੀ,
ਅਸਾਂ ਤਲਬ ਤੇਰੀ ਹੈ ਸੋਹਣੀ,
ਅਸਾਂ ਹਰ ਦੰਮ ਰੱਬ ਧਿਆਵਣਾ।
ਅਸਾਂ ਹੋਰਿ ਨਾ ਕਿਸੇ ਆਖਣਾ,
ਅਸਾਂ ਨਾਮ ਸਾਈਂ ਦਾ ਭਾਖਣਾ,
ਇੱਕ ਤਕੀਆ ਤੇਰਾ ਰਾਖਣਾ,
ਅਸਾਂ ਮਨ ਅਪੁਨਾ ਸਮਝਾਵਣਾ।
ਅਸਾਂ ਅੰਦਰ ਬਾਹਿਰ ਲਾਲੁ ਹੈ,
ਅਸਾਂ ਮੁਰਸ਼ਿਦ ਨਾਲ ਪਿਆਰ ਹੈ,
ਅਸਾਂ ਏਹੋ ਵਣਜ ਵਪਾਰ ਹੈ,
ਅਸਾਂ ਜੀਵੰਦਿਆਂ ਮਰਿ ਜਾਵਣਾ।
ਕੋਈ ਮੁਰੀਦੁ ਕੋਈ ਪੀਰ ਹੈ,
ਏਹ ਦੁਨੀਆਂ ਸਭ ਜ਼ਹੀਰ ਹੈ।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਅਸਾਂ ਰਲਿ ਮਿਲਿ ਝੁਰਮਟਿ ਪਾਵਣਾ।
(3)
ਅਸਾਂ ਬਹੁੜਿ ਨਾ ਦੁਨਿਆਂ ਆਵਣਾ
ਸਦਾ ਨਾ ਫੁਲਨਿ ਤੋਰੀਆਂ,
ਸਦਾ ਨਾ ਲਗਦੇ ਨੀ ਸਾਵਣਾ।
ਸੋਈ ਕੰਮੁ ਵਿਚਾਰਿ ਕੇ ਕੀਜੀਐ ਜੀ,
ਜਾਂ ਤੇ ਅੰਤੁ ਨਹੀਂ ਪਛੁਤਾਵਣਾ
ਕਹੈ ਸ਼ਾਹ ਹੁਸੈਨ ਸੁਣਾਇ ਕੈ,
ਅਸਾਂ ਖ਼ਾਕ ਦੇ ਨਾਲ ਸਮਾਵਣਾ।
10