ਇਹ ਸਫ਼ਾ ਪ੍ਰਮਾਣਿਤ ਹੈ
ਆਉਂਦਿਆਂ ਉਠਿ ਖੇਡਿਣ ਲੱਗੀ,
ਚਰਖਾ ਛਡਿਆ ਚਾਇ।
ਕਤਣ ਕਾਰਣ ਗੋਹੜੇ ਆਂਦੇ,
ਗਇਆ ਬਲੇਦਾ ਖਾਇ।
ਹੋਰਨਾਂ ਦੀਆਂ ਅੜੀ ਅੱਟੀਆਂ,
ਨਿਮਾਣੀ ਦੀ ਅੜੀ ਕਪਾਹਿ।
ਹੋਰਨਾ ਕੱਤੀਆਂ ਪੰਜ ਸੱਤ ਪੂਣੀਆਂ,
ਮੈਂ ਕੀ ਆਖਾਂਗੀ ਜਾਇ।
ਕਹੈ ਹੁਸੈਨ ਸੁਚਜੀਆਂ ਨਾਰੀਂ,
ਲੈਸਨ ਸ਼ਹੁ ਗਲ ਲਾਇ।
(7)
ਅਨੀ ਸਈਓ ਨੀਂ,
ਮੈਂ ਕੱਤਿਦੀ ਕੱਤਿਦੀ ਹੁੱਟੀ।
ਅੱਤਣ ਦੇ ਵਿੱਚ ਗੋੜ੍ਹੇ ਰੁਲਦੇ,
ਹਥਿ ਵਿੱਚ ਰਹਿ ਗਈ ਜੁੱਟੀ
ਸਾਰੇ ਵਰ੍ਹੇ ਵਿੱਚ ਛੱਲੀ ਇੱਕ ਕੱਤੀ,
ਕਾਮ ਮਰੇਂਦਾ ਝੁੱਟੀ
ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁੱਠੀ।
ਭਲਾ ਭਇਆ ਮੇਰਾ ਚਰਖਾ ਭੰਨਾ,
ਮੇਰੀ ਜਿੰਦ ਅਜਾਬੋਂ ਛੁੱਟੀ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ।
12