ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(8)
ਅਨੀ ਜਿੰਦੇ ਮੈਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ
ਰਾਤੀਂ ਕੱਤੇ, ਦਿਹੀਂ ਅਟੇਰੇਂ,
ਗੋਸ਼ੇ ਲਾਇਓ ਤਾਣਾ।
ਕੋਈ ਜੋ ਤੰਦ ਪਈ ਅਵੱਲੀ,
ਸਾਹਿਬ ਮੂਲ ਨਾ ਭਾਣਾ
ਚੀਰੀ ਆਈ ਢਿਲ ਨਾ ਕਾਈ
ਕਿਆ ਰਾਜਾ ਕਿਆ ਰਾਣਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਡਾਢੇ ਦਾ ਰਾਹੁ ਨਿਮਾਣਾ।
(9)
ਅਮਲਾਂ ਦੇ ਉਪਰਿ ਹੋਗ ਨਿਬੇੜਾ
ਕਿਆ ਸੂਫੀ ਕਿਆ ਭੰਗੀ।
ਜੋ ਰੱਬ ਭਾਵੇ ਸੋਈ ਬੀਸੀ,
ਸਾਈ ਬਾਤ ਹੈ ਚੰਗੀ।
ਆਪੇ ਏਕ ਅਨੇਕ ਕਹਾਵੈ,
ਸਾਹਿਬੁ ਹੈ ਬਹੁ ਰੰਗੀ।
ਕਹੈ ਹੁਸੈਨ ਸੁਹਾਗਨਿ ਸੋਈ,
ਜੋ ਸ਼ਹੁ ਦੇ ਰੰਗ ਰੰਗੀ।
(10)
ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮ ਧਿਆਉ ਨੀਂ।
13