ਇਹ ਸਫ਼ਾ ਪ੍ਰਮਾਣਿਤ ਹੈ
ਸੇਈ ਰਾਤੀਂ ਲੇਖੇ ਪਈਆਂ,
ਜਿਕੇ ਨਾਲ ਮਿਤਰਾਂ ਦੇ ਜਾਲੀਆਂ।
ਜਿਸ ਤਨ ਲੱਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲੀਆਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ।
(18)
ਇਕਿ ਦੁਇ ਤਿਨ ਚਾਰਿ ਪੰਜ,
ਛਿਇ ਸਤਿ ਅਸੀਂ ਅਠਿ ਨਉਂ।
ਚਰਖਾ ਚਾਇ ਸੱਭੇ ਘਰਿ ਗਈਆਂ,
ਰਹੀ ਇਕੇਲੀ ਇਕਿ ਹਉਂ।
ਜੇਹਾ ਰੇਜਾ ਠੋਕਿ ਵਣਾਇਓ,
ਤੇਹੀ ਚਾਦਰ ਤਾਣਿ ਸਉਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਇ ਲਗੀ ਹੁਣਿ ਛਕਿ ਪਉਂ।
(19)
ਇਕੁ ਅਰਜ਼ ਨਿਮਾਣਿਆਂ ਦੀ,
ਸੁਣ ਜਿੰਦੂ ਨੀ।
ਸੁਰਤਿ ਦਾ ਤਾਣਾ, ਨਿਰਤਿ ਦਾ ਬਾਣਾ,
ਹਰਿ ਹਰਿ ਪੇਟਾ ਵੁਣਿ ਜਿੰਦੂ ਨੀ।
ਕਾਹੇ ਕੋ ਝੂਰੇਂ ਤੇ ਝਖਿ ਮਾਰੈਂ,
ਰਾਮੁ ਭਜਨੁ ਬਿਨੁ ਬਾਜ਼ੀ ਹਾਰੈ,
ਬੀਜਿਆ ਹੀ ਸੋ ਲੁਣਿ ਜਿੰਦੂ ਨੀ।
ਕਾਹੇ ਗਰਬਹਿੰ ਦੇਖ ਜੁਆਨੀ,
ਤੈਂ ਜੇਹੀਆਂ ਕਈਆਂ ਖਾਨ-ਖਵਾਨੀ,
ਕਾਲਿ ਲਈਆਂ ਸਭੁ ਚੁਣਿ ਜਿੰਦੂ ਨੀ।
18