ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹੈ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਦੇਹਿ ਲੁਟਾਈ,
ਸ਼ਹੁ ਨੂੰ ਮਿਲਣੀ ਹੈਂ ਹੁਣ ਜਿੰਦੂ ਨੀ।

(20)


ਇੱਥੇ ਰਹਿਣਾ ਨਾਹੀਂ,
ਕੋਈ ਬਾਤ ਚਲਣੁ ਦੀ ਕਰੁ ਵੋ।
ਵੱਡੇ ਉਚੇ ਮਹਲ ਉਸਾਰਿਓ,
ਗੋਰ ਨਿਮਾਣੀ ਘਰੁ ਵੋ।

ਜਿਸ ਦੇਹੀ ਦਾ ਤੂੰ ਮਾਣ ਕਰੇਨੈ,
ਜਿਉਂ ਪਰਛਾਵੇ-ਢਰੁ ਵੋ।

ਛੋਡ ਤ੍ਰਿਖਾਈ ਪਕੜਿ ਹਲੀਮੀ
ਭੈ ਸਾਹਿਬ ਥੀਂ ਡਰੁ ਵੋ।

ਕਹੈ ਹੁਸੈਨ ਹਯਾਤੀ ਲੋੜੇਂ,
ਤਾਂ ਮਰਨ ਥੀਂ ਅਗੇ ਮਰ ਵੋ।

(21)



ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ,
ਕਬਹੂੰ ਨਾ ਥੀਵੇ ਬੇਹਾ।
ਤੈਨੂੰ ਰੱਬ ਨ ਭੁੱਲੀ, ਦੁਆਇ ਫ਼ਕੀਰਾਂ ਦੀ ਏਹਾ।

ਹੋਰਨਾਂ ਨਾਲ ਹਸੰਦੀ ਖਿਡੰਦੀ,
ਸ਼ਾਹਾਂ ਥੋਂ ਘੁੰਦਗਟ ਕੇਹਾ।
ਸ਼ਹੁ ਨਾਲ ਤੂੰ ਮੂਲ ਨਾ ਬੋਲੈਂ,
ਏਹ ਗੁਮਾਨ ਕਿਵੇਹਾ।

ਚਾਰੇ ਨੈਣ ਗਡਾਵਡ ਹੋਏ,
ਵਿਚ ਵਿਚੋਲਾ ਕੇਹਾ।
ਉੱਛਲ ਨਦੀਆਂ ਤਾਰੂ ਹੋਈਆਂ,
ਵਿਚ ਬਰੇਤਾ ਕੇਹਾ।

19