ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰੰਗ ਸਬਰ ਰਾਂਝਣ ਦੀ ਸੇਵਾ,
ਹੀਰ ਸੁਪਨੇ ਮਿਲ ਮਿਲ ਆਵੇ।

ਰਾਤੀਂ ਭੀ ਕਾਲੀਂ ਤੇ ਮੇਹੀ ਭੀ ਕਾਲੀਆਂ,
ਚਰਿਆ ਲੋੜਨਿ ਬੇਲੇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਵਿਛੜਿਆਂ ਰੱਬ ਮੇਲੇ।

(26)


ਸੱਜਣ ਦੇ ਗਲ ਬਾਂਹ ਅਸਾਡੀ,
ਕਿਉਂ ਕਰ ਆਖਾਂ ਛੱਡ ਵੇ ਅੜਿਆ।
ਪੋਸਤੀਆਂ ਦੇ ਪੋਸਤ ਵਾਗੂੰ,
ਅਮਲ ਪਇਆ ਅਸਾਡੇ ਹੱਡ ਵੇ ਅੜਿਆ।
ਰਾਮ ਨਾਮ ਦੇ ਸਿਮਰਨ ਬਾਝੋਂ,
ਜੀਵਨ ਦਾ ਕੀ ਹੱਜ ਵੇ ਅੜਿਆ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਹਿਬ ਦੇ ਲੜ ਲਗ ਵੇ ਅੜਿਆ।

(27)


ਸੱਜਣ ਦੇ ਹੱਥਿ ਬਾਂਹ ਅਸਾਡੀ,
ਕਿਉ ਕਰ ਆਖਾਂ ਛਡਿ ਵੇ ਅੜਿਆ।
ਰਾਤਿ ਅੰਧੇਰੀ ਬੱਦਲ ਕਣੀਆਂ,
ਬਾਝ ਵਕੀਲਾਂ ਮੁਸ਼ਕਲ ਬਣੀਆਂ,
ਡਾਢੇ ਕੀਤਾ ਸਡਿ ਵੇ ਅੜਿਆ।

ਇਸ਼ਕ ਮੁਹੱਬਤ ਸੇਈ ਜਾਣਨਿ,
ਪਈ ਜਿਨਾ ਦੇ ਹਡਿ ਵੇ ਅੜਿਆ।

ਕਲਰਿ ਖਟ ਨਾ ਖੂਹੜੀ,
ਚੀਣਾ ਰੇਤਿ ਨ ਗੱਡਿ ਵੇ ਅੜਿਆ।

ਨਿਤਿ ਭਰੇਨਾਂ ਏਂ ਛੱਟੀਆਂ,
ਇਕ ਦਿਨ ਜਾਸੋਂ ਛਡਿ ਵੇ ਅੜਿਆ।

22